ਹਰਿਆਣਾ ’ਚ ਵਾਪਰਿਆ ਦਰਦਨਾਕ ਹਾਦਸਾ, ਦੋ ਕਾਰਾਂ ਦੀ ਟੱਕਰ ’ਚ 3 ਲੋਕਾਂ ਦੀ ਮੌਤ
01/29/2023 2:04:15 PM

ਰੇਵਾੜੀ– ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ’ਚ ਐਤਵਾਰ ਸਵੇਰੇ ਦਰਦਨਾਕ ਸੜਕ ਹਾਦਸੇ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਦਸਾ ਕੋਸਲੀ-ਕਨੀਨਾ ਮਾਰਗ ’ਤੇ ਗੁਜਰਵਾਸ ਟੋਲ ਪਲਾਜਾ ਨੇੜੇ ਹੋਇਆ। ਇੱਥੇ ਈਕੋ ਕਾਰ ਅਤੇ ਏਸੈਂਟ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ’ਚ ਕਰੀਬ 7 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਰੇਵਾੜੀ ਟ੍ਰੋਮਾ ਸੈਂਟਰ ’ਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ, ਜ਼ਿਲ੍ਹੇ ਦੇ ਪਿੰਡ ਰਤਨਥਲ ਨਿਵਾਸੀ ਵਿਅਕਤੀ ਦੀ ਬਾਰਾਤ 28 ਜਨਵਰੀ ਦੀ ਰਾਤ ਮਹੇਂਦਰਗੜ੍ਹ ਜ਼ਿਲ੍ਹੇ ਦੇ ਕਨੀਨਾ ਕਸਬਾ ’ਚ ਗਈ ਸੀ। ਬਾਰਾਤ ’ਚ ਪਿੰਡ ਦੇ ਪਵਨ ਅਤੇ ਨਰੇਸ਼ ਤੋਂ ਇਲਾਵਾ 6 ਹੋਰ ਲੋਕ ਬੱਚਿਆਂ ਦੇ ਨਾਲ ਪਹੁੰਚੇ ਸਨ। ਰਾਤ ਨੂੰ ਕਰੀਬ 1 ਵਜੇ ਸਾਰੇ ਈਕੋ ਕਾਰ ’ਚ ਸਵਾਰ ਹੋ ਕੇ ਵਾਪਸ ਆਪਣੇ ਪਿੰਡ ਰਤਨਥਲ ਆ ਰਹੇ ਸਨ। ਹਾਦਸੇ ’ਚ ਜ਼ਖਮੀ ਹੋਏ ਵਿਕਰਮ ਨੇ ਦੱਸਿਆ ਕਿ ਕੋਸਲੀ-ਕਨੀਨਾ ਮਾਰਗ ’ਤੇ ਗੁਜਰਵਾਸ ਟੋਲ ਪਲਾਜਾ ਨੇੜੇ ਪਹੁੰਦੇ ਹੀ ਸਾਹਮਣਿਓਂ ਆ ਰਹੀ ਏਸੈਂਟ ਕਾਰ ਉਨ੍ਹਾਂ ਦੇ ਕਾਰ ਦੇ ਅੱਗ ਆ ਗਈ, ਜਿਸ ਨਾਲ ਦੋਵਾਂ ਕਾਰਾਂ ਦੀ ਆਪਸ ’ਚ ਟੱਕਰ ਹੋ ਗਈ। ਹਾਦਸੇ ’ਚ ਈਕੋ ਗੱਡੀ ’ਚ ਅੱਗੇ ਬੈਠੇ ਪਵਨ ਅਤੇ ਨਰੇਸ਼ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਏਸੈਂਟ ਗੱਡੀ ਦੇ ਚਾਲਕ ਦੀ ਮੌਤ ਹੋ ਗਈ। ਹਾਦਸੇ ’ਚ ਈਕੋ ਕਾਰ ’ਚ ਸਵਾਰ ਬਾਕੀ ਲੋਕ ਜ਼ਖਮੀ ਹੋ ਗਏ।
ਛੋਟੇ ਬੱਚਿਆਂ ਨੂੰ ਵੀ ਲੱਗੀਆਂ ਸੱਟਾਂ
ਹਾਦਸੇ ’ਚ ਈਕੋ ਕਾਰ ’ਚ ਸਵਾਰ ਛੋਟੇ ਬੱਚਿਆਂ ਨੂੰ ਵੀ ਸੱਟਾਂ ਲੱਗੀਆਂ ਹਨ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਖ-ਚਿਹਾੜਾ ਪੈ ਗਿਆ। ਰਸਤੇ ’ਚੋਂ ਲੰਘ ਰਹੇ ਲੋਕਾਂ ਨੇ ਤੁਰੰਤ ਇਸਦੀ ਸੂਚਨਾ ਪੁਲਸ ਅਤੇ ਐਂਬੂਲੈਂਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਐਂਬੂਲੈਂਸ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਟ੍ਰੋਮਾ ਸੈਂਟਰ ’ਚ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ’ਚ ਜ਼ਖਮੀ ਇਕ ਨੌਜਵਾਨ ਦੀ ਹਾਲਤ ਗੰਭੀਰ ਹੈ।