ਕਿਸਾਨ ਪਰੇਸ਼ਾਨ, ਖੜ੍ਹੀ ਫ਼ਸਲ ''ਤੇ ਚੱਲਾ ਦਿੱਤਾ ਟਰੈਕਟਰ
Thursday, Mar 06, 2025 - 05:48 PM (IST)

ਸਹਾਰਨਪੁਰ- ਕਿਸਾਨ ਆਪਣੀ ਫ਼ਸਲ ਨੂੰ ਪੁੱਤਾਂ ਵਾਂਗ ਪਾਲਦਾ ਹੈ ਪਰ ਜਦੋਂ ਉਸ ਨੂੰ ਆਪਣੀ ਮਿਹਨਤ ਦਾ ਸਹੀ ਮੁੱਲ ਨਹੀਂ ਮਿਲਦਾ ਤਾਂ ਉਹ ਪਰੇਸ਼ਾਨ ਹੋ ਜਾਂਦਾ ਹੈ। ਪੱਤਾਗੋਭੀ ਅਤੇ ਫੁੱਲਗੋਭੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਕਾਰਨ ਕਿਸਾਨ ਬਹੁਤ ਪਰੇਸ਼ਾਨ ਹਨ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਇਕ ਕਿਸਾਨ ਨੇ ਆਪਣੀ ਖੜ੍ਹੀ ਫ਼ਸਲ 'ਤੇ ਟਰੈਕਟਰ ਚੱਲਾ ਦਿੱਤਾ, ਜਿਸ ਕਾਰਨ ਉਹ ਆਰਥਿਕ ਸੰਕਟ ਵਿਚ ਫਸ ਗਏ ਹਨ।
ਦੱਸ ਦੇਈਏ ਕਿ ਸਹਾਰਨਪੁਰ ਖੇਤਰ ਨੂੰ ਸਬਜ਼ੀ ਉਤਪਾਦਨ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਇੱਥੋਂ ਹਰ ਸਾਲ ਹਜ਼ਾਰਾਂ ਟਨ ਤਾਜ਼ੀਆਂ ਸਬਜ਼ੀਆਂ ਵੱਖ-ਵੱਖ ਸੂਬਿਆਂ ਵਿਚ ਭੇਜੀਆਂ ਜਾਂਦੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਫੁੱਲਗੋਭੀ ਦੀ ਸ਼ੁਰੂਆਤੀ ਫ਼ਸਲ ਦੀ ਕੀਮਤ ਚੰਗੀ ਸੀ ਪਰ ਹੁਣ ਬਾਜ਼ਾਰ ਵਿਚ ਭਾਅ ਡਿੱਗ ਗਏ ਹਨ। ਹਾਲਤ ਇਹ ਹੋ ਗਈ ਕਿ 2 ਤੋਂ 3 ਰੁਪਏ ਪ੍ਰਤੀ ਕਿਲੋ ਭਾਅ 'ਤੇ ਵੀ ਗੋਭੀ ਨਹੀਂ ਵਿਕ ਰਹੀ। ਇਸ ਤੋਂ ਪਰੇਸ਼ਾਨ ਹੋ ਕੇ ਕਿਸਾਨਾਂ ਨੂੰ ਖੇਤਾਂ ਵਿਚ ਹੀ ਫ਼ਸਲ ਨਸ਼ਟ ਕਰਨੀ ਪਈ।
ਕਿਸਾਨ ਮੁਹੰਮਦ ਰਾਸ਼ਿਦ ਨੇ ਦੱਸਿਆ ਕਿ ਤਿੰਨ ਮਹੀਨੇ ਤੋਂ ਗੋਭੀ ਦਾ ਕੋਈ ਸਹੀ ਭਾਅ ਨਹੀਂ ਮਿਲ ਰਿਹਾ। 1 ਤੋਂ 2 ਰੁਪਏ ਕਿਲੋ ਦੇ ਰੇਟ 'ਤੇ ਗੋਭੀ ਵੇਚਣਾ ਸੰਭਵ ਨਹੀਂ, ਜਦਕਿ ਖੇਤ ਤੋਂ ਮੰਡੀ ਤੱਕ ਫ਼ਸਲ ਪਹੁੰਚਾਉਣ ਲਈ 50 ਰੁਪਏ ਦਾ ਖ਼ਰਚਾ ਆ ਜਾਂਦਾ ਹੈ। ਅਸੀਂ ਪਹਿਲਾਂ ਹੀ 5 ਬਿੱਘੇ ਦੀ ਫ਼ਸਲ ਨਸ਼ਟ ਕੀਤੀ ਸੀ, ਜਿਸ ਵਿਚ 70 ਤੋਂ 80 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਕਿਸਾਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ ਤਾਂ ਕਿ ਉਹ ਮੁੜ ਖੇਤੀ ਕਰ ਸਕਣ। ਜੇਕਰ ਅਜਿਹੇ ਹੀ ਹਾਲਾਤ ਰਹੇ ਤਾਂ ਕਿਸਾਨ ਮਜ਼ਬੂਰੀ ਵਿਚ ਖੇਤੀ ਛੱਡਣ ਲਈ ਮਜ਼ਬੂਰ ਹੋ ਜਾਣਗੇ।