ਰੋਹਤਾਂਗ ’ਚ ਸੈਲਾਨੀਆਂ ਨੇ ਬਰਫ਼ਬਾਰੀ ਦਾ ਆਨੰਦ ਮਾਣਿਆ, ਸ਼ਿਮਲਾ ’ਚ ਬੂੰਦਾਬਾਂਦੀ

Thursday, Oct 23, 2025 - 12:38 AM (IST)

ਰੋਹਤਾਂਗ ’ਚ ਸੈਲਾਨੀਆਂ ਨੇ ਬਰਫ਼ਬਾਰੀ ਦਾ ਆਨੰਦ ਮਾਣਿਆ, ਸ਼ਿਮਲਾ ’ਚ ਬੂੰਦਾਬਾਂਦੀ

ਸ਼ਿਮਲਾ- ਹਿਮਾਚਲ ’ਚ ਮੌਸਮ ਬਦਲ ਗਿਆ ਹੈ। ਸੂਬੇ ਦੇ ਉੱਚੇ ਪਹਾੜੀ ਖੇਤਰਾਂ ’ਚ ਮੌਸਮ ਦੀ ਦੂਜੀ ਬਰਫ਼ਬਾਰੀ ਹੋਈ ਹੈ। ਲਾਹੌਲ-ਸਪਿਤੀ ’ਚ ਕੋਕਸਰ ਵਿਖੇ 11.4 ਸੈਂਟੀਮੀਟਰ ਤਾਜ਼ਾ ਬਰਫ਼ਬਾਰੀ ਹੋਈ।ਇਸ ਬਰਫ਼ਬਾਰੀ ਨੇ ਸੂਬ ਦੇ ਕਬਾਇਲੀ ਖੇਤਰਾਂ ਦੇ ਉੱਚੇ ਪਹਾੜਾਂ ਨੂੰ ਚਿੱਟੀ ਚਾਦਰ ਨਾਲ ਢੱਕ ਦਿੱਤਾ ਹੈ। ਲਾਹੌਲ-ਸਪਿਤੀ, ਕਿੰਨੌਰ, ਕੁੱਲੂ, ਚੰਬਾ ਤੇ ਕਾਂਗੜਾ ਦੀਆਂ ਉੱਚੀਆਂ ਚੋਟੀਆਂ 'ਤੇ ਤਾਜ਼ਾ ਬਰਫ਼ਬਾਰੀ ਨਾਲ ਠੰਢ ਵਧ ਗਈ ਹੈ।ਸਿਸੂ ’ਚ ਵੀ ਬਰਫ਼ ਡਿੱਗੀ । ਰੋਹਤਾਂਗ ’ਚ ਸੈਲਾਨੀਆਂ ਨੇ ਤਾਜ਼ਾ ਬਰਫ਼ਬਾਰੀ ਦਾ ਪੂਰਾ ਆਨੰਦ ਮਾਣਿਆ। ਮਨਾਲੀ, ਰੋਹਤਾਂਗ, ਮਾਰਹੀ ਤੇ ਸੋਲੰਗਨਾਲਾ ਦੀਆਂ ਚੋਟੀਆਂ ਵੀ ਤਾਜ਼ਾ ਬਰਫ਼ਬਾਰੀ ਨਾਲ ਚਿੱਟੀਆਂ ਹੋ ਗਈਆਂ। ਚੰਬਾ ’ਚ ਬਰਫ ਦੇ ਤੋਦੇ ਡਿੱਗੇ।

ਹਿਮਾਚਲ ’ਚ ਠੰਢੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਤਾਪਮਾਨ ’ਚ ਕਾਫ਼ੀ ਗਿਰਾਵਟ ਆਈ ਹੈ।ਬੁੱਧਵਾਰ ਸਵੇਰੇ ਬਰਫ਼ਬਾਰੀ ਰੁਕਣ ਤੋਂ ਬਾਅਦ ਵੱਡੀ ਗਿਣਤੀ ’ਚ ਸੈਲਾਨੀ ਰੋਹਤਾਂਗ ਤੇ ਸੋਲੰਗਨਾਲਾ ਪਹੁੰਚੇ, ਜਿੱਥੇ ਉਨ੍ਹਾਂ ਹੋਈ ਬਰਫ਼ਬਾਰੀ ਦਾ ਪੂਰਾ ਆਨੰਦ ਮਾਣਿਆ।ਮੌਸਮ ਵਿਗਿਆਨ ਕੇਂਦਰ ਸ਼ਿਮਲਾ ਅਨੁਸਾਰ ਤਾਜ਼ਾ ਬਰਫ਼ਬਾਰੀ ਕਾਰਨ ਤਾਪਮਾਨ ਆਮ ਨਾਲੋਂ ਹੇਠਾਂ ਆ ਗਿਆ ਹੈ। ਲਾਹੌਲ-ਸਪਿਤੀ ਦੇ ਕਬਾਇਲੀ ਜ਼ਿਲੇ ’ਚ ਘੱਟੋ-ਘੱਟ ਤਾਪਮਾਨ ਮਨਫ਼ੀ 0 ਦਰਜ ਕੀਤਾ ਗਿਆ। ਪੱਛਮੀ ਗੜਬੜ ਹੁਣ ਕਮਜ਼ੋਰ ਹੋ ਗਈ ਹੈ। ਅਗਲੇ ਕੁਝ ਦਿਨਾਂ ਲਈ ਮੀਂਹ ਜਾਂ ਬਰਫ਼ਬਾਰੀ ਦੀ ਕੋਈ ਸੰਭਾਵਨਾ ਨਹੀਂ ।


author

Hardeep Kumar

Content Editor

Related News