''ਰਾਮਾਇਣ'' ਬਣਾਉਣ ਵਾਲੇ ਰਾਮਾਨੰਦ ਸਾਗਰ ਦੇ ਬੇਟੇ ਆਨੰਦ ਸਾਗਰ ਦਾ ਦਿਹਾਂਤ
Friday, Feb 13, 2026 - 11:28 PM (IST)
ਮੁੰਬਈ: ਟੈਲੀਵਿਜ਼ਨ ਦੇ ਇਤਿਹਾਸ ਵਿੱਚ ਪਹਿਲੀ ਵਾਰ 'ਰਾਮਾਇਣ' ਬਣਾਉਣ ਵਾਲੇ ਮਸ਼ਹੂਰ ਫਿਲਮਸਾਜ਼ ਰਾਮਾਨੰਦ ਸਾਗਰ ਦੇ ਬੇਟੇ ਆਨੰਦ ਰਾਮਾਨੰਦ ਸਾਗਰ ਚੋਪੜਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 13 ਫਰਵਰੀ 2026 ਨੂੰ ਮੁੰਬਈ ਵਿੱਚ 84 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਇਸ ਖਬਰ ਨਾਲ ਬਾਲੀਵੁੱਡ ਅਤੇ ਟੈਲੀਵਿਜ਼ਨ ਜਗਤ ਵਿੱਚ ਸੋਕ ਦੀ ਲਹਿਰ ਦੌੜ ਗਈ ਹੈ।
ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖਬਰ
ਆਨੰਦ ਸਾਗਰ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਰਾਹੀਂ ਸਾਂਝੀ ਕੀਤੀ ਗਈ। ਪਰਿਵਾਰ ਨੇ ਲਿਖਿਆ, "ਬਹੁਤ ਹੀ ਦੁਖੀ ਹਿਰਦੇ ਨਾਲ ਅਸੀਂ ਆਪਣੇ ਪਿਆਰੇ ਪਿਤਾ ਆਨੰਦ ਰਾਮਾਨੰਦ ਸਾਗਰ ਚੋਪੜਾ ਦੇ ਅਕਾਲ ਚਲਾਣੇ ਬਾਰੇ ਸੂਚਿਤ ਕਰ ਰਹੇ ਹਾਂ"। ਉਨ੍ਹਾਂ ਦਾ ਅੰਤਿਮ ਸੰਸਕਾਰ ਮੁੰਬਈ ਦੇ ਪਰਮਹੰਸ ਸ਼ਮਸ਼ਾਨ ਘਾਟ ਵਿਖੇ ਸ਼ਾਮ 4:30 ਵਜੇ ਕੀਤਾ ਗਿਆ।
'ਰਾਮਾਇਣ' ਅਤੇ ਪੌਰਾਣਿਕ ਸੀਰੀਅਲਾਂ ਵਿੱਚ ਵੱਡਾ ਯੋਗਦਾਨ
ਆਨੰਦ ਸਾਗਰ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਬੜੀ ਸ਼ਿੱਦਤ ਨਾਲ ਅੱਗੇ ਵਧਾਇਆ। ਉਨ੍ਹਾਂ ਨੇ 1987 ਵਿੱਚ ਬਣੀ ਇਤਿਹਾਸਕ 'ਰਾਮਾਇਣ' ਵਿੱਚ ਬਤੌਰ ਕੋ-ਪ੍ਰੋਡਿਊਸਰ ਆਪਣੀ ਅਹਿਮ ਭੂਮਿਕਾ ਨਿਭਾਈ ਸੀ। ਪਿਤਾ ਦੇ ਦਿਹਾਂਤ ਤੋਂ ਬਾਅਦ ਵੀ ਉਨ੍ਹਾਂ ਨੇ ਧਾਰਮਿਕ ਅਤੇ ਪੌਰਾਣਿਕ ਪ੍ਰੋਜੈਕਟਾਂ ਦੇ ਨਿਰਮਾਣ ਅਤੇ ਪ੍ਰਬੰਧਨ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ।
ਯਾਦਗਾਰੀ ਕੰਮ ਅਤੇ ਫਿਲਮਾਂ
ਪੰਜ ਭੈਣ-ਭਰਾਵਾਂ ਵਿੱਚੋਂ ਆਨੰਦ ਸਾਗਰ ਹੀ ਸਨ ਜਿਨ੍ਹਾਂ ਨੇ ਆਪਣੇ ਪਿਤਾ ਦੇ ਕੰਮ ਨੂੰ ਉਸੇ ਤਰ੍ਹਾਂ ਜਾਰੀ ਰੱਖਿਆ। ਉਨ੍ਹਾਂ ਨੇ 'ਰਾਮਾਇਣ' ਤੋਂ ਇਲਾਵਾ ਕਈ ਮਸ਼ਹੂਰ ਧਾਰਮਿਕ ਸੀਰੀਅਲ ਪ੍ਰੋਡਿਊਸ ਕੀਤੇ, ਜਿਨ੍ਹਾਂ ਵਿੱਚ ਸ਼ਾਮਲ ਹਨ ਅਲਿਫ਼ ਲੈਲਾ, ਜੈ ਜੈ ਬਜਰੰਗਬਲੀ, ਜੈ ਸ਼ਿਵਸ਼ੰਕਰ।
ਇਸ ਤੋਂ ਇਲਾਵਾ ਉਨ੍ਹਾਂ ਨੇ 'ਆਖੇਂ' ਅਤੇ 'ਅਰਮਾਨ' ਵਰਗੀਆਂ ਫਿਲਮਾਂ ਦਾ ਨਿਰਮਾਣ ਵੀ ਕੀਤਾ। ਦੱਸਣਯੋਗ ਹੈ ਕਿ ਕੋਰੋਨਾ ਕਾਲ (ਲੌਕਡਾਊਨ) ਦੌਰਾਨ ਉਨ੍ਹਾਂ ਨੇ ਪਰਿਵਾਰ ਨਾਲ ਮਿਲ ਕੇ 'ਰਾਮਾਇਣ' ਦਾ ਮੁੜ ਪ੍ਰਸਾਰਣ ਕੀਤਾ ਸੀ, ਜਿਸ ਨੇ ਦਰਸ਼ਕਾਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ।
