ਥਾਈਲੈਂਡ ''ਚ ''ਭਾਰਤੀ ਮਾਫ਼ੀਆ'' ਸਰਗਰਮ! ਸੈਲਾਨੀਆਂ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ 4 ਗ੍ਰਿਫਤਾਰ

Saturday, Feb 14, 2026 - 10:02 PM (IST)

ਥਾਈਲੈਂਡ ''ਚ ''ਭਾਰਤੀ ਮਾਫ਼ੀਆ'' ਸਰਗਰਮ! ਸੈਲਾਨੀਆਂ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਵਾਲੇ 4 ਗ੍ਰਿਫਤਾਰ

ਪੱਟਾਇਆ, (ਥਾਈਲੈਂਡ)- ਥਾਈਲੈਂਡ ਦੇ ਮਸ਼ਹੂਰ ਟੂਰਿਸਟ ਸਪਾਟ ਪੱਟਾਇਆ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 'ਭਾਰਤੀ ਮਾਫ਼ੀਆ' ਦੇ ਮੈਂਬਰਾਂ ਵੱਲੋਂ ਆਪਣੇ ਹੀ ਦੇਸ਼ ਦੇ ਦੋ ਸੈਲਾਨੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ। ਥਾਈ ਪੁਲਸ ਨੇ ਇੱਕ ਲਗਜ਼ਰੀ ਪ੍ਰਾਪਰਟੀ 'ਤੇ ਦੇਰ ਰਾਤ ਛਾਪਾ ਮਾਰ ਕੇ ਇਨ੍ਹਾਂ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।

ਜਾਣਕਾਰੀ ਮੁਤਾਬਕ, ਅਗਵਾਕਾਰਾਂ ਨੇ ਇਨ੍ਹਾਂ ਸੈਲਾਨੀਆਂ ਨੂੰ ਇੱਕ ਹੋਟਲ ਤੋਂ ਅਗਵਾ ਕੀਤਾ ਸੀ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਭਾਰਤ ਵਿੱਚ ਰਹਿ ਰਹੇ ਉਨ੍ਹਾਂ ਦੇ ਪਰਿਵਾਰਾਂ ਤੋਂ ਮੋਟੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ। ਪੁਲਸ ਨੂੰ ਇਹ ਸੈਲਾਨੀ ਕੰਡੋ ਦੇ ਅੰਦਰ ਬਹੁਤ ਹੀ ਮਾੜੀ ਹਾਲਤ ਵਿੱਚ ਮਿਲੇ, ਜਿਨ੍ਹਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਉਹ ਜ਼ਖਮੀ ਸਨ।

'ਚੋਨਬੁਰੀ ਇੰਡੀਅਨ ਐਸੋਸੀਏਸ਼ਨ' ਵੱਲੋਂ ਮਿਲੀ ਚੇਤਾਵਨੀ ਤੋਂ ਬਾਅਦ ਹਰਕਤ ਵਿੱਚ ਆਈ ਪੁਲਸ ਨੇ ਇਸ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਕਾਰਵਾਈ ਦੌਰਾਨ ਚਾਰ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਸ ਗਿਰੋਹ ਦਾ ਕਥਿਤ ਮੁੱਖ ਸਰਗਨਾ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ, ਜਿਸ ਦੀ ਭਾਲ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਘਟਨਾ ਨੇ ਸਥਾਨਕ ਪ੍ਰਸ਼ਾਸਨ ਅਤੇ ਸੈਲਾਨੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਅਧਿਕਾਰੀਆਂ ਨੇ ਪਟਾਇਆ, ਜਿਸ ਨੂੰ 'ਸਿਨ ਸਿਟੀ' ਵਜੋਂ ਵੀ ਜਾਣਿਆ ਜਾਂਦਾ ਹੈ, ਵਿੱਚ ਵਧ ਰਹੇ ਅਪਰਾਧਿਕ ਖ਼ਤਰਿਆਂ ਬਾਰੇ ਮੁੜ ਚੇਤਾਵਨੀ ਜਾਰੀ ਕੀਤੀ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਪਟਾਇਆ ਸਿਟੀ ਪੁਲਸ ਸਟੇਸ਼ਨ ਨੂੰ ਸੌਂਪ ਦਿੱਤੀ ਗਈ ਹੈ।


author

Rakesh

Content Editor

Related News