ਪਹਿਲਗਾਮ ਹਮਲੇ ਤੋਂ ਬਾਅਦ ਹੁਣ ''ਜੰਨਤ'' ''ਚ ਮੁੜ ਲੱਗਣਗੀਆਂ ਰੌਣਕਾਂ !
Sunday, Jun 15, 2025 - 09:46 AM (IST)

ਨੈਸ਼ਨਲ ਡੈਸਕ- ਉਪ ਰਾਜਪਾਲ ਮਨੋਜ ਸਿਨ੍ਹਾ ਨੇ ਜੰਮੂ-ਕਸ਼ਮੀਰ ’ਚ ਉਨ੍ਹਾਂ 16 ਸੈਲਾਨੀ ਕੇਂਦਰਾਂ ਨੂੰ ਦੁਬਾਰਾ ਖੋਲ੍ਹਣ ਦੇ ਹੁਕਮ ਦਿੱਤੇ ਹਨ ਜੋ 22 ਅਪ੍ਰੈਲ ਨੂੰ ਪਹਿਲਗਾਮ ’ਚ ਸੈਲਾਨੀਆਂ ’ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਰਜ਼ੀ ਤੌਰ 'ਤੇ ਬੰਦ ਕਰ ਦਿੱਤੇ ਗਏ ਸਨ। ਇਨ੍ਹਾਂ ਸੈਲਾਨੀ ਕੇਂਦਰਾਂ ਤੇ ਪਾਰਕਾਂ ’ਚੋਂ 8 ਜੰਮੂ ਡਿਵੀਜ਼ਨ ’ਚ ਅਤੇ 8 ਸ਼੍ਰੀਨਗਰ ਡਿਵੀਜ਼ਨ ’ਚ ਹਨ। ਬੇਤਾਬ ਘਾਟੀ ਅਤੇ ਪਹਿਲਗਾਮ ਬਾਜ਼ਾਰ, ਵੇਰੀਨਾਗ ਗਾਰਡਨ, ਕੋਕਰਨਾਗ ਗਾਰਡਨ ਤੇ ਅਚਬਲ ਗਾਰਡਨ 17 ਜੂਨ ਤੋਂ ਦੁਬਾਰਾ ਖੋਲ੍ਹੇ ਜਾਣਗੇ।
ਉਪ ਰਾਜਪਾਲ ਨੇ ਕਿਹਾ ਕਿ ਖੋਲ੍ਹੇ ਜਾ ਰਹੇ ਹੋਰ ਸੈਲਾਨੀ ਕੇਂਦਰਾਂ ’ਚ ਸ਼੍ਰੀਨਗਰ ’ਚ ਬਦਾਮਵਾੜੀ ਪਾਰਕ, ਡਕ ਪਾਰਕ, ਤਕਦੀਰ ਪਾਰਕ, ਸਾਰਥਲ, ਧਾਗਰ, ਦੇਵੀ ਪਿੰਡੀ, ਕਠੂਆ ’ਚ ਸਿਆਦ ਬਾਬਾ, ਰਿਆਸੀ ’ਚ ਸੁਲਾ ਪਾਰਕ, ਡੋਡਾ ’ਚ ਗੁਲਦੰਡਾ, ਜੈ ਵੈਲੀ ਤੇ ਊਧਮਪੁਰ ’ਚ ਪੰਚੇਰੀ ਸ਼ਾਮਲ ਹਨ। ਸੈਲਾਨੀ ਕੇਂਦਰਾਂ ਨੂੰ ਪੜਾਅਵਾਰ ਢੰਗ ਨਾਲ ਖੋਲ੍ਹਿਆ ਜਾਵੇਗਾ।
ਉਨ੍ਹਾਂ ਉਮੀਦ ਜਤਾਈ ਕਿ ਆਉਣ ਵਾਲੀ ਅਮਰਨਾਥ ਯਾਤਰਾ ਕਸ਼ਮੀਰ ’ਚ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ’ਚ ਮਦਦ ਕਰੇਗੀ। ਮੈਂ ਇੱਥੋਂ ਦੇ ਲੋਕਾਂ ਨੂੰ ਸਾਲਾਨਾ ਯਾਤਰਾ ਨੂੰ ਸਫਲ ਬਣਾਉਣ ਦੀ ਅਪੀਲ ਕਰਦਾ ਹਾਂ। ਇਹ ਲੋਕਾਂ ਦੀ ਆਪਣੀ ਯਾਤਰਾ ਹੈ। ਇਸ ਨਾਲ ਆਰਥਿਕਤਾ ਨੂੰ ਵਧੀਆ ਬਣਾਉਣ ਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ’ਚ ਮਦਦ ਮਿਲੇਗੀ।
ਉਨ੍ਹਾਂ ਪਹਿਲਗਾਮ ’ਚ ਵਿਧਾਨ ਸਭਾ ਦੇ ਮੈਂਬਰਾਂ, ਡੀ.ਡੀ.ਸੀ. ਦੇ ਚੇਅਰਮੈਨਾਂ ਤੇ ਉਪ-ਚੇਅਰਮੈਨਾਂ, ਟੂਰ ਅਤੇ ਟ੍ਰੈਵਲ ਆਪਰੇਟਰਾਂ, ਪੋਨੀਵਾਲਾ ਐਸੋਸੀਏਸ਼ਨ ਤੇ ਹੋਟਲੀਅਰ ਐਸੋਸੀਏਸ਼ਨਾਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪੂਰੀ ਸੁਰੱਖਿਆ ਜਾਂਚ ਤੋਂ ਬਾਅਦ ਹੋਰ ਸੈਲਾਨੀ ਕੇਂਦਰਾਂ ’ਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਨਿਊਕਲੀਅਰ ਸਾਈਟ 'ਤੇ ਰੇਡੀਏਸ਼ਨ ਲੀਕੇਜ ! ਇਨਸਾਨੀਅਤ ਲਈ ਪੈਦਾ ਹੋਇਆ ਵੱਡਾ ਖ਼ਤਰਾ
ਉਨ੍ਹਾਂ ਕਿਹਾ ਕਿ ਸੁਰੱਖਿਆ ਏਜੰਸੀਆਂ ਨੇ ਸ਼੍ਰੀ ਅਮਰਨਾਥ ਯਾਤਰੀਆਂ ਦੀ ਸੁਰੱਖਿਆ ਲਈ ਇਕ ਵਿਆਪਕ ਸੁਰੱਖਿਆ ਯੋਜਨਾ ਤਿਆਰ ਕੀਤੀ ਹੈ । ਸ਼ਰਧਾਲੂਆਂ ਨੂੰ ਨਿਰਧਾਰਿਤ ਕਾਫਲਿਆਂ ’ਚ ਯਾਤਰਾ ਕਰਨ ਦੀ ਅਪੀਲ ਕੀਤੀ ਗਈ ਹੈ। ਉਪ ਰਾਜਪਾਲ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਯਾਤਰਾ ਦੇ ਬੁਨਿਆਦੀ ਢਾਂਚੇ ’ਚ ਅਹਿਮ ਸੁਧਾਰ ਕੀਤੇ ਗਏ ਹਨ। ਇਨ੍ਹਾਂ ’ਚ ਬਿਹਤਰ ਸੜਕਾਂ, ਬਿਹਤਰ ਬਿਜਲੀ ਤੇ ਦੂਰਸੰਚਾਰ ਸੰਪਰਕ, ਵਧੀਆਂ ਰਿਹਾਇਸ਼ੀ ਸਹੂਲਤਾਂ ਤੇ ਸੁਰੱਖਿਆ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।
ਇਸ ਦੌਰਾਨ ਉਪ ਰਾਜਪਾਲ ਨੇ ਨੂਨਵਾਨ ਬੇਸ ਕੈਂਪ ਦਾ ਵੀ ਦੌਰਾ ਕੀਤਾ ਤੇ ਆਫ਼ਤ ਪ੍ਰਬੰਧਨ ਕੇਂਦਰ ਤੇ ਯਾਤਰੀ ਨਿਵਾਸ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ 3 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਲਈ ਸੁਰੱਖਿਆ ਤੇ ਹੋਰ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ।
ਉਪ ਰਾਜਪਾਲ ਨਾਲ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਸੀ.ਈ.ਓ. ਤੇ ਉਨ੍ਹਾਂ ਦੇ ਪ੍ਰਮੁੱਖ ਸਕੱਤਰ ਡਾ. ਮਨਦੀਪ ਕੇ. ਭੰਡਾਰੀ, ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ, ਕਸ਼ਮੀਰ ਦੇ ਆਈ.ਜੀ. ਪੀ.ਵੀ.ਕੇ. ਬਿਰਦੀ, ਅਨੰਤਨਾਗ ਦੇ ਡਿਪਟੀ ਕਮਿਸ਼ਨਰ ਸਈਦ ਫਖਰੂਦੀਨ ਹਾਮਿਦ ਤੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਸਨ।
ਇਹ ਵੀ ਪੜ੍ਹੋ- ਮਿਲ ਗਿਆ Black Box ! ਹੁਣ ਖੁੱਲ੍ਹਣਗੇ ਪਲੇਨ ਕ੍ਰੈਸ਼ ਦੇ ਸਾਰੇ ਭੇਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e