ਕਸ਼ਮੀਰ ''ਚ ਵੱਡੀ ਸਾਜ਼ਿਸ਼ ਨਾਕਾਮ, ਭਾਰੀ ਮਾਤਰਾ ''ਚ ਹਥਿਆਰ ਸਣੇ 5 ਅੱਤਵਾਦੀ ਮਦਦਗਾਰ ਗ੍ਰਿਫ਼ਤਾਰ

Thursday, Oct 08, 2026 - 12:41 AM (IST)

ਕਸ਼ਮੀਰ ''ਚ ਵੱਡੀ ਸਾਜ਼ਿਸ਼ ਨਾਕਾਮ, ਭਾਰੀ ਮਾਤਰਾ ''ਚ ਹਥਿਆਰ ਸਣੇ 5 ਅੱਤਵਾਦੀ ਮਦਦਗਾਰ ਗ੍ਰਿਫ਼ਤਾਰ

ਸ੍ਰੀਨਗਰ : ਜੰਮੂ-ਕਸ਼ਮੀਰ ਦੀ ਕੁਲਗਾਮ ਪੁਲਸ ਨੇ ਭਾਰਤੀ ਫੌਜ ਦੀ 9 ਆਰ.ਆਰ. (9RR) ਅਤੇ ਸੀ.ਆਰ.ਪੀ.ਐੱਫ. (CRPF) ਦੀ 18ਵੀਂ ਬਟਾਲੀਅਨ ਨਾਲ ਮਿਲ ਕੇ ਚਲਾਏ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ 5 ਅੱਤਵਾਦੀ ਮਦਦਗਾਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਹ ਕਾਰਵਾਈ ਇੱਕ ਪੁਖ਼ਤਾ ਗੁਪਤ ਸੂਚਨਾ ਦੇ ਆਧਾਰ 'ਤੇ ਕੁਲਗਾਮ ਦੇ ਖੁਰਵਾਨ ਚਾਦਰ ਇਲਾਕੇ ਵਿੱਚ ਕੀਤੀ ਗਈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ 'ਚੋਂ ਭਾਰੀ ਮਾਤਰਾ 'ਚ ਗੋਲਾ-ਬਾਰੂਦ ਅਤੇ ਹਥਿਆਰ ਬਰਾਮਦ ਹੋਏ ਹਨ। ਪੁਲਸ ਵੱਲੋਂ ਬਰਾਮਦ ਕੀਤੇ ਸਾਮਾਨ ਵਿੱਚ 2 ਪਿਸਤੌਲਾਂ, 3 ਮੈਗਜ਼ੀਨ, 9 ਐੱਮ.ਐੱਮ. ਦੇ 40 ਜ਼ਿੰਦਾ ਰੌਂਦ ਅਤੇ 3 ਗ੍ਰੇਨੇਡ ਸ਼ਾਮਲ ਹਨ।

ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪੰਜੇ ਅੱਤਵਾਦੀ ਮਦਦਗਾਰਾਂ ਦੀ ਪਛਾਣ ਤਜਮੁਲ ਹੁਸੈਨ ਮੀਰ (ਸਪੁੱਤਰ ਮੰਜੂਰ ਅਹਿਮਦ ਮੀਰ, ਨਿਵਾਸੀ ਗੁਫਬਾਲ), ਰਹਿਮਤ ਅਲੀ ਨਾਇਕੂ (ਸਪੁੱਤਰ ਗੁਲਾਮ ਹਸਨ ਨਾਇਕੂ, ਨਿਵਾਸੀ ਖੁਰਵਾਨ), ਤਹਿਰੀਮ ਅਹਿਮਦ ਭੱਟ (ਸਪੁੱਤਰ ਮੁਸ਼ਤਾਕ ਅਹਿਮਦ ਭੱਟ, ਨਿਵਾਸੀ ਖੁਰਵਾਨ), ਮੰਜੂਰ ਅਹਿਮਦ ਭੱਟ (ਸਪੁੱਤਰ ਗੁਲਾਮ ਹਸਨ ਭੱਟ, ਨਿਵਾਸੀ ਖੁਰਵਾਨ ਚਾਦਰ), ਕਿਫਾਇਤ ਅਹਿਮਦ ਡਾਰ (ਸਪੁੱਤਰ ਅਬਦੁਲ ਰਸ਼ੀਦ ਡਾਰ, ਨਿਵਾਸੀ ਮਲਤਲਹਾਮਾ, ਕੁਲਗਾਮ) ਵਜੋਂ ਹੋਈ ਹੈ।

ਪੁਲਸ ਅਨੁਸਾਰ ਇਹ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਆਪ ਹਮਲਾ ਨਹੀਂ ਕਰਦੇ ਸਨ, ਬਲਕਿ ਅੱਤਵਾਦੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਮਦਦ ਅਤੇ ਸਹੂਲਤਾਂ ਪਹੁੰਚਾਉਂਦੇ ਸਨ। ਇਸ ਸਬੰਧੀ ਥਾਣਾ ਕੁਲਗਾਮ ਵਿਖੇ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਅੱਗੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।


author

Inder Prajapati

Content Editor

Related News