ਟੂਲਕਿੱਟ ਮਾਮਲਾ : ਨਿਕਿਤਾ ਜੈਕਬ ਨੇ ਟਰਾਂਜਿਟ ਪੇਸ਼ਗੀ ਜ਼ਮਾਨਤ ਲਈ ਹਾਈ ਕੋਰਟ ਦਾ ਕੀਤਾ ਰੁਖ

Monday, Feb 15, 2021 - 04:20 PM (IST)

ਟੂਲਕਿੱਟ ਮਾਮਲਾ : ਨਿਕਿਤਾ ਜੈਕਬ ਨੇ ਟਰਾਂਜਿਟ ਪੇਸ਼ਗੀ ਜ਼ਮਾਨਤ ਲਈ ਹਾਈ ਕੋਰਟ ਦਾ ਕੀਤਾ ਰੁਖ

ਮੁੰਬਈ- ਜਲਵਾਯੂ ਵਰਕਰ ਗਰੇਟਾ ਥਨਬਰਗ ਵਲੋਂ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀ 'ਟੂਲਕਿੱਟ' ਸਾਂਝੀ ਕੀਤੇ ਜਾਣ ਦੇ ਮਾਮਲੇ 'ਚ ਦਿੱਲੀ ਪੁਲਸ ਵਲੋਂ ਦਰਜ ਮਾਮਲੇ 'ਚ ਦੋਸ਼ੀ ਵਕੀਲ ਨਿਕਿਤਾ ਜੈਕਬ ਨੇ ਟਰਾਂਜਿਟ ਪੇਸ਼ਗੀ ਜ਼ਮਾਨਤ ਲਈ ਸੋਮਵਾਰ ਨੂੰ ਬੰਬਈ ਹਾਈ ਕੋਰਟ ਦਾ ਰੁਖ ਕੀਤਾ। ਦਿੱਲੀ ਦੀ ਇਕ ਕੋਰਟ ਨੇ ਇਸ ਮਾਮਲੇ 'ਚ ਜੈਕਬ ਅਤੇ ਇਕ ਹੋਰ ਦੋਸ਼ੀ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਦਿੱਲੀ ਪੁਲਸ ਅਨੁਸਾਰ, ਦੋਹਾਂ 'ਤੇ ਦਸਤਾਵੇਜ਼ ਤਿਆਰ ਕਰਨ ਅਤੇ 'ਖ਼ਾਲਿਸਤਾਨ ਸਮਰਥਨ ਤੱਤਾਂ' ਦੇ ਸਿੱਧੇ ਸੰਪਰਕ 'ਚ ਹੋਣ ਦਾ ਦੋਸ਼ ਹੈ। ਜੈਕਬ ਨੇ ਸੋਮਵਾਰ ਨੂੰ ਬੰਬਈ ਹਾਈ ਕੋਰਟ ਦੇ ਜੱਜ ਪੀ.ਡੀ. ਨਾਇਕ ਦੀ ਏਕਲ ਬੈਂਚ ਤੋਂ ਪਟੀਸ਼ਨ 'ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਹਾਈ ਕੋਰਟ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਪਟੀਸ਼ਨ 'ਤੇ ਸੁਣਵਾਈ ਕਰੇਗਾ। ਜੈਕਬ ਨੇ 4 ਹਫ਼ਤਿਆਂ ਲਈ ਟਰਾਂਜਿਟ ਪੇਸ਼ਗੀ ਜ਼ਮਾਨਤ ਦੀ ਮੰਗ ਕੀਤੀ ਹੈ ਤਾਂ ਕਿ ਉਹ ਦਿੱਲੀ 'ਚ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਇਰ ਕਰਨ ਲਈ ਸੰਬੰਧਤ ਅਦਾਲਤ ਦਾ ਰੁਖ ਕਰ ਸਕੇ। ਵਕੀਲ ਨੇ ਆਪਣੀ ਪਟੀਸ਼ਨ 'ਚ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਮਾਮਲੇ 'ਚ ਉਨ੍ਹਾਂ ਦਾ ਨਾਂ ਬਤੌਰ ਦੋਸ਼ੀ ਜਾਂ ਗਵਾਹ ਦੇ ਤੌਰ 'ਤੇ ਆਇਆ ਹੈ।

ਇਹ ਵੀ ਪੜ੍ਹੋ : ਟੂਲਕਿੱਟ ਮਾਮਲੇ 'ਚ ਨਿਕਿਤਾ ਜੈਕਬ ਅਤੇ ਸ਼ਾਂਤਨੂੰ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ

ਪਟੀਸ਼ਨ 'ਚ ਕਿਹਾ,''ਜੈਕਬ ਨੂੰ ਡਰ ਹੈ ਕਿ ਉਸ ਨੂੰ ਸਿਆਸੀ ਬਦਲੇ ਅਤੇ ਮੀਡੀਆ ਦੀ ਸੁਣਵਾਈ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।'' ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਕੇਸ 'ਚ ਦਰਜ ਐੱਫ.ਆਈ.ਆਰ. ਗਲਤ ਅਤੇ ਬੇਬੁਨਿਆਦ ਹੈ ਅਤੇ ਜੈਕਬ ਨੇ ਹੁਣ ਤੱਕ ਦਿੱਲੀ ਦੇ ਸਾਈਬਰ ਸੈੱਲ ਨਾਲ ਸਹਿਯੋਗ ਕੀਤਾ ਹੈ ਅਤੇ ਬਿਆਨ ਵੀ ਦਰਜ ਕਰਵਾਇਆ ਹੈ। ਪਟੀਸ਼ਨ 'ਚ ਕਿਹਾ,''ਕਾਨੂੰਨੀ ਅਧਿਕਾਰ ਆਬਜਰਵੇਟਰੀ ਨਾਮ ਦੀ ਇਕ ਸੰਸਥਾ ਨੇ ਦਿੱਲੀ ਪੁਲਸ ਦੇ ਸਾਹਮਣੇ ਗਲਤ ਅਤੇ ਬੇਬੁਨਿਆਦ ਸ਼ਿਕਾਇਤ ਦਰਜ ਕਰਵਾਈ ਹੈ ਅਤੇ 26 ਜਨਵਰੀ 2021 ਨੂੰ ਹੋਈ ਹਿੰਸਾ ਦਾ ਦੋਸ਼ ਪਟੀਸ਼ਨਕਰਤਾ 'ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। 

ਇਹ ਵੀ ਪੜ੍ਹੋ : ਗਰੇਟਾ ਥਨਬਰਗ ਮਾਮਲਾ- ਟੂਲਕਿੱਟ ਸਾਂਝੀ ਕਰਨ 'ਤੇ ਬੈਂਗਲੁਰੂ ਦੀ 21 ਸਾਲਾ ਦਿਸ਼ਾ ਰਵੀ ਗ੍ਰਿਫ਼ਤਾਰ

ਪਟੀਸ਼ਨ ਅਨੁਸਾਰ 11 ਫਰਵਰੀ ਨੂੰ ਦਿੱਲੀ ਪੁਲਸ ਜੈਕਬ ਦੇ ਮੁੰਬਈ ਦੇ ਗੋਰੇਗਾਂਵ ਇਲਾਕੇ 'ਚ ਸਥਿਤ ਘਰ 'ਤੇ ਤਲਾਸ਼ੀ ਵਾਰੰਟ ਨਾਲ ਪਹੁੰਚ ਸੀ ਅਤੇ ਉਸ ਨੇ ਕੁਝ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਯੰਤਰ ਜ਼ਬਤ ਕੀਤੇ ਸਨ।''
ਉਸ ਅਨੁਸਾਰ, ਪਟੀਸ਼ਨਕਰਤਾ ਦਾ ਜਾਗਰੂਕਤਾ ਫੈਲਾਉਣ ਜਾਂ ਹਿੰਸਾ, ਦੰਗੇ ਭੜਕਾਉਣ ਜਾਂ ਕਿਸੇ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਲਈ ਸੰਚਾਰ ਪੈਕ/ਟੂਲਕਿੱਟ 'ਤੇ ਸੋਧ, ਚਰਚਾ ਕਰਨ, ਉਸ ਦਾ ਸੰਪਾਦਨ ਕਰਨ ਦਾ ਕੋਈ ਧਾਰਮਿਕ, ਰਾਜਨੀਤਕ ਜਾਂ ਵਿੱਤੀ ਉਦੇਸ਼ ਜਾਂ ਏਜੰਡਾ ਨਹੀਂ ਹੈ।'' ਅਰਜ਼ੀ 'ਚ ਕਿਹਾ,''ਪਟੀਸ਼ਨਕਰਤਾ ਹਾਲ ਹੀ 'ਚ ਪਾਸ ਹੋਏ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਨੂੰ ਖਲਨਾਇਕ ਦੇ ਤੌਰ 'ਤੇ ਪੇਸ਼ ਕਰਨ ਲਈ ਲੈ ਕੇ ਬੇਹੱਦ ਚਿੰਤਤ ਹੈ।'' ਉਸ ਅਨੁਸਾਰ ਜੈਕਬ ਦੀ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਜਾ ਰਹੀ ਹੈ। ਦਿੱਲੀ ਪੁਲਸ ਨੇ ਦਿਸ਼ਾ ਰਵੀ (21) ਨੂੰ ਸ਼ਨੀਵਾਰ ਨੂੰ ਬੈਂਗਲੁਰੂ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ, ਦਿੱਲੀ ਦੀ ਇਕ ਅਦਾਲਤ ਨੇ ਉਸ ਨੂੰ ਐਤਵਾਰ ਨੂੰ 5 ਦਿਨ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ।


author

DIsha

Content Editor

Related News