ਹਾਥਰਸ ਜਾਣ ਤੋਂ TMC ਵਫ਼ਦ ਨੂੰ ਪੁਲਸ ਨੇ ਰੋਕਿਆ, ਧੱਕਾ-ਮੁੱਕੀ 'ਚ ਡਿੱਗੇ ਡੇਰੇਕ ਓ ਬਰਾਇਨ

10/02/2020 2:04:39 PM

ਹਾਥਰਸ— ਉੱਤਰ ਪ੍ਰਦੇਸ਼ ਦੇ ਹਾਥਰਸ ਗੈਂਗਰੇਪ ਨੂੰ ਲੈ ਕੇ ਸਿਆਸਤ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ ਹੈ। ਗੈਂਗਰੇਪ ਦੇ ਵਿਰੋਧ 'ਚ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਉੱਥੇ ਹੀ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਨੇਤਾ ਡੇਰੇਕ ਓ ਬਰਾਇਨ ਅਤੇ ਕੁਝ ਹੋਰ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਉੱਤਰ ਪ੍ਰਦੇਸ਼ ਪੁਲਸ ਵਲੋਂ ਰੋਕਿਆ ਗਿਆ। ਟੀ. ਐੱਮ. ਸੀ. ਦੇ ਇਹ ਨੇਤਾ ਦਿੱਲੀ ਤੋਂ ਹਾਥਰਸ ਦੇ ਪੀੜਤ ਪਰਿਵਾਰ ਨੂੰ ਮਿਲਣ ਲਈ ਜਾ ਰਹੇ ਸਨ। ਪਰਿਵਾਰ ਨੂੰ ਮਿਲਣ ਦੀ ਜ਼ਿੱਦ 'ਤੇ ਅੜੇ ਟੀ. ਐੱਮ. ਸੀ. ਸੰਸਦ ਮੈਂਬਰਾਂ ਅਤੇ ਪੁਲਸ ਦਰਮਿਆਨ ਧੱਕਾ-ਮੁੱਕੀ ਹੋਈ ਹੈ। ਇਸ ਦੌਰਾਨ ਡੇਰੇਕ ਓ ਬਰਾਇਨ ਡਿੱਗ ਪਏ। ਪਿੰਡ 'ਤੇ ਸਖਤ ਪਹਿਰਾ ਹੈ। ਮੀਡੀਆ ਨੂੰ ਪਿੰਡ ਦੇ ਬਾਹਰ ਹੀ ਰੋਕ ਦਿੱਤਾ ਗਿਆ ਹੈ। 


ਓਧਰ ਪੀੜਤ ਪਰਿਵਾਰ ਨੂੰ ਮਿਲਣ ਜਾ ਰਹੇ ਟੀ. ਐੱਮ. ਸੀ. ਸੰਸਦ ਮੈਂਬਰਾਂ ਨੂੰ ਪੁਲਸ ਨੇ ਪਿੰਡ ਦੇ ਬਾਹਰ ਹੀ ਰੋਕ ਦਿੱਤਾ ਹੈ। ਰੋਕੇ ਗਏ ਸੰਸਦ ਮੈਂਬਰਾਂ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਹਾਥਰਸ ਵੱਲ ਵਧ ਰਹੇ ਹਾਂ। ਪੀੜਤ ਪਰਿਵਾਰ ਨੂੰ ਮਿਲ ਕੇ ਦਿਲਾਸਾ ਦੇਣ ਜਾ ਰਹੇ ਹਾਂ। ਅਸੀਂ ਵੱਖ-ਵੱਖ ਜਾ ਰਹੇ ਹਾਂ ਅਤੇ ਸਾਰੇ ਪ੍ਰੋਟੋਕਾਲ ਦਾ ਪਾਲਣ ਕਰ ਰਹੇ ਹਾਂ। ਅਸੀਂ ਕੋਈ ਹਥਿਆਰ ਨਹੀਂ ਲਏ ਹਨ। ਸਾਨੂੰ ਰੋਕਿਆ ਕਿਉਂ ਗਿਆ ਹੈ? ਕਿਹੋ ਜਿਹਾ ਜੰਗਲਰਾਜ ਹੈ ਕਿ ਇੱਥੇ ਚੁਣੇ ਹੋਏ ਸੰਸਦ ਮੈਂਬਰਾਂ ਨੂੰ ਇਕ ਪੀੜਤ ਪਰਿਵਾਰ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਹੈ। ਅਸੀਂ ਪੀੜਤਾ ਦੇ ਘਰ ਤੋਂ ਬਸ 1.5 ਕਿਲੋਮੀਟਰ ਦੀ ਦੂਰੀ 'ਤੇ ਹਾਂ। ਅਸੀਂ ਪੁਲਸ ਅਧਿਕਾਰੀਆਂ ਨੂੰ ਸਮਝਾ ਰਹੇ ਹਾਂ ਕਿ ਅਸੀਂ ਇਹ ਦੂਰੀ ਪੈਦਲ ਵੀ ਤੈਅ ਕਰ ਸਕਦੇ ਹਾਂ। 

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਵੀ ਪੁਲਸ ਨੇ ਰੋਕ ਲਿਆ ਸੀ। ਉੱਤਰ ਪ੍ਰਦੇਸ਼ ਪੁਲਸ ਨੇ ਰਾਹੁਲ ਅਤੇ ਪ੍ਰਿਅੰਕਾ ਨੂੰ ਹਿਰਾਸਤ 'ਚ ਲਿਆ ਸੀ ਅਤੇ ਦਿੱਲੀ ਵਾਪਸ ਜਾਣ ਦੀ ਸ਼ਰਤ 'ਤੇ ਛੱਡਿਆ ਸੀ।

ਇਹ ਵੀ ਪੜ੍ਹੋ: ਰਾਹੁਲ ਦਾ ਮੋਦੀ ਸਰਕਾਰ 'ਤੇ ਸ਼ਬਦੀ ਵਾਰ- 'ਮੈਂ ਦੁਨੀਆ 'ਚ ਕਿਸੇ ਤੋਂ ਨਹੀਂ ਡਰਾਂਗਾ, ਅਨਿਆਂ ਅੱਗੇ ਝੁਕਾਂਗਾ ਨਹੀਂ'

 


Tanu

Content Editor

Related News