ਤੀਰਥ ਸਿੰਘ ਰਾਵਤ ਦੇ ਹੱਥ ਉੱਤਰਾਖੰਡ ਦੀ ਕਮਾਨ, ਮੁੱਖ ਮੰਤਰੀ ਅਹੁਦੇ ਦੀ ਚੁੱਕੀ ਸਹੁੰ

Wednesday, Mar 10, 2021 - 05:00 PM (IST)

ਦੇਹਰਾਦੂਨ— ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਦੇ ਤੌਰ ’ਤੇ ਤੀਰਥ ਸਿੰਘ ਰਾਵਤ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਸਹੁੰ ਚੁੱਕ ਲਈ ਹੈ। ਰਾਜਪਾਲ ਬੇਬੀ ਰਾਨੀ ਮੌਰੀਆ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਉੱਤਰਾਖੰਡ ਦੇ 10ਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦਾ ਦੇਹਰਾਦੂਨ ਰਾਜ ਭਵਨ ਵਿਚ ਰਾਸ਼ਟਰੀ ਗੀਤ ਨਾਲ ਸਹੁੰ ਚੁੱਕ ਸਮਾਗਮ ਸ਼ੁਰੂ ਹੋਇਆ। ਹਾਲਾਂਕਿ ਰਾਵਤ ਨੇ ਇਕੱਲੇ ਹੀ ਸਹੁੰ ਚੁੱਕੀ ਅਤੇ ਉਨ੍ਹਾਂ ਦੇ ਕੈਬਨਿਟ ਦਾ ਵਿਸਥਾਰ ਬਾਅਦ ਵਿਚ ਹੋਵੇਗਾ। ਇਕ-ਦੋ ਦਿਨ ਵਿਚ ਉਨ੍ਹਾਂ ਦੇ ਕੈਬਨਿਟ ਦਾ ਵਿਸਥਾਰ ਹੋ ਜਾਵੇਗਾ। 

ਸਹੁੰ ਚੁੱਕਣ ਮਗਰੋਂ ਤੀਰਥ ਸਿੰਘ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਨਾਲ ਲੈ ਕੇ ਚਲਾਂਗਾ। ਦੱਸ ਦੇਈਏ ਕਿ ਬੀਤੇ ਕੱਲ੍ਹ ਤ੍ਰਿਵੇਂਦਰ ਸਿੰਘ ਰਾਵਤ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦਰਅਸਲ ਪਾਰਟੀ ਵਿਧਾਇਕਾਂ ਵਲੋਂ ਨਾਰਾਜ਼ਗੀ ਜ਼ਾਹਰ ਕਰਨ ਮਗਰੋਂ ਤ੍ਰਿਵੇਂਦਰ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉੱਤਰਾਖੰਡ ਦੀ 70 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਦੇ 56 ਵਿਧਾਇਕ ਹਨ। ਨਵੇਂ ਮੁੱਖ ਮੰਤਰੀ ਕੇਂਦਰ ਦੀ ਮੋਦੀ ਸਰਕਾਰ ਅਤੇ ਉੱਤਰਾਖੰਡ ਦੀ ਪਿਛਲੀ ਤ੍ਰਿਵੇਂਦਰ ਸਰਕਾਰ ਦੀਆਂ ਉਪਲੱਬਧੀਆਂ ਨੂੰ ਜਨਤਾ ਤੱਕ ਪਹੁੰਚਾਉਣ ਅਤੇ ਬਾਕੀ ਬਚੇ ਇਕ ਸਾਲ ’ਚ ਜਨਤਾ ਲਈ ਬਿਹਤਰ ਕੰਮ ਕਰਨਗੇ। 

ਦੱਸ ਦੇਈਏ ਕਿ ਤੀਰਥ ਸਿੰਘ ਪਾਰਟੀ ਦੇ ਸੀਨੀਅਰ ਨੇਤਾ ਹਨ ਅਤੇ ਉਹ ਵਿਦਿਆਰਥੀ ਜੀਵਨ ਤੋਂ ਹੀ ਰਾਜਨੀਤੀ ਨਾਲ ਜੁੜੇ ਰਹੇ ਹਨ। ਉਹ ਇਨ੍ਹਾਂ ਦਿਨੀਂ ਪੌੜੀ-ਗੜ੍ਹਵਾਲ ਲੋਕ ਸਭਾ ਖੇਤਰ ਦੇ ਮੈਂਬਰ ਹੋਣ ਦੇ ਨਾਲ-ਨਾਲ ਪਾਰਟੀ ਦੇ ਰਾਸ਼ਟਰੀ ਸਕੱਤਰ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਹਨ। ਰਾਵਤ 2013 ਤੋਂ ਦਸੰਬਰ 2015 ਤੱਕ ਉੱਤਰਾਖੰਡ ਭਾਜਪਾ ਦੇ ਪ੍ਰਧਾਨ ਰਹੇ ਹਨ। ਉਹ ਸਾਲ 2012 ਤੋਂ 2017 ਤੱਕ ਵਿਧਾਇਕ ਰਹੇ ਹਨ। ਇਸ ਤੋਂ ਪਹਿਲਾਂ 1983 ਤੋਂ 1988 ਤੱਕ ਰਾਸ਼ਟਰੀ ਸਵੈ-ਸੇਵਕ ਸੰਘ ਦੇ ਪ੍ਰਚਾਰਕ ਰਹੇ। ਸਾਲ 1997 ਵਿਚ ਉੱਤਰ ਪ੍ਰਦੇਸ਼ ਵਿਧਾਨ ਪਰੀਸ਼ਦ ਦੇ ਮੈਂਬਰ ਚੁਣੇ ਗਏ। ਰਾਵਤ ਨੇ 2019 ਵਿਚ ਲੋਕ ਸਭਾ ਚੋਣਾਂ ਵਿਚ ਪੌੜੀ ਲੋਕ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਸੀ ਅਤੇ ਉਹ ਭਾਰੀ ਵੋਟਾਂ ਨਾਲ ਜਿੱਤੇ ਵੀ। 


 


Tanu

Content Editor

Related News