ਦੇਸ਼ ਦੇ ਇਸ ਸੂਬੇ ''ਚ ਫੈਲਿਆ ਡਾਇਰੀਆ, 3 ਲੋਕਾਂ ਦੀ ਗਈ ਜਾਨ
Friday, Jul 26, 2024 - 05:25 PM (IST)
ਉਮਰੀਆ- ਮੱਧ ਪ੍ਰਦੇਸ਼ ਦੇ ਉਮਰੀਆ ਜ਼ਿਲ੍ਹ ਦੇ ਦੋ ਪਿੰਡਾਂ 'ਚ ਡਾਇਰੀਆ ਕਾਰਨ ਪਿਤਾ-ਪੁੱਤਰ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਲੋਕ ਇਸ ਬੀਮਾਰੀ ਨਾਲ ਪੀੜਤ ਹਨ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਡਾਇਰੀਆ ਫੈਲਣ ਤੋਂ ਬਾਅਦ ਇਲਾਕੇ ਦੇ ਸਿਹਤ ਸੁਪਰਵਾਈਜ਼ਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਦੋ ਹੋਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਲਾਕੇ ਦੇ ਮੈਡੀਕਲ ਅਫਸਰ ਡਾ.ਕੇ.ਐੱਲ.ਬਘੇਲ ਨੇ ਦੱਸਿਆ ਕਿ ਦੂਸ਼ਿਤ ਭੋਜਨ ਜਾਂ ਪਾਣੀ ਕਾਰਨ ਹੋਣ ਵਾਲੀ ਇਸ ਬੀਮਾਰੀ ਕਾਰਨ ਬੁੱਧਵਾਰ ਨੂੰ ਪਿੰਡ ਕਰਹੀ ਵਿਖੇ ਰਾਮਦੇਵ ਸਿੰਘ (65) ਨਾਮਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਿੰਡ ਬੇਲਸਰਾ 'ਚ ਤਨੂਪ ਸਿੰਘ (62) ਅਤੇ ਉਸ ਦੇ ਮੁੰਡੇ ਚੂਡਾਮਣੀ ਸਿੰਘ (32) ਦੀ ਵੀ ਡਾਇਰੀਆ ਕਾਰਨ ਮੌਤ ਹੋ ਗਈ।
ਡਾ. ਬਘੇਲ ਨੇ ਦੱਸਿਆ ਕਿ ਕਰਹੀ ਵਿਚ 6 ਹੋਰ ਵਿਅਕਤੀ ਵੀ ਡਾਇਰੀਆ ਦੇ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਤਿੰਨ ਨੂੰ ਡਿੰਡੋਰੀ ਜ਼ਿਲ੍ਹੇ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਬਾਕੀਆਂ ਦਾ ਘਰ 'ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਪਿੰਡਾਂ 'ਚ ਡਾਕਟਰਾਂ, ਮਹਾਮਾਰੀ ਵਿਗਿਆਨੀਆਂ ਅਤੇ ਮਾਲ ਅਧਿਕਾਰੀਆਂ ਦੀ ਟੀਮ ਭੇਜੀ ਗਈ ਹੈ।
ਬੀਮਾਰੀ ਦੇ ਕਾਰਨਾਂ ਬਾਰੇ ਪੁੱਛੇ ਜਾਣ 'ਤੇ ਡਾ: ਬਘੇਲ ਨੇ ਕਿਹਾ ਕਿ ਉਨ੍ਹਾਂ ਨੂੰ ਪਾਣੀ ਦੇ ਦੂਸ਼ਿਤ ਹੋਣ ਦਾ ਸ਼ੱਕ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ 2 ਤੋਂ 3 ਕਿਲੋਮੀਟਰ ਦੂਰ ਅਤੇ ਲਗਭਗ 70 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਦੋਵਾਂ ਪਿੰਡਾਂ ਵਿਚ ਪੀਣ ਵਾਲੇ ਪਾਣੀ ਦਾ ਇਕੋ-ਇਕ ਸਰੋਤ ਹੈਂਡ ਪੰਪ ਹਨ। ਉਨ੍ਹਾਂ ਕਿਹਾ ਕਿ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੋਵਾਂ ਪਿੰਡਾਂ ਦੇ ਪਾਣੀ ਦੀ ਜਾਂਚ ਕਰੇਗਾ।