UP ''ਚ ਖੌਫ਼ਨਾਕ ਵਾਰਦਾਤ: ਅਣਪਛਾਤਿਆਂ ਨੇ ਇੱਟਾਂ ਨਾਲ ਕੁੱਟ-ਕੁੱਟ ਮਾਰ''ਤੇ ਇੱਕੋ ਪਰਿਵਾਰ ਦੇ 3 ਜੀਅ
Monday, Jan 19, 2026 - 05:13 PM (IST)
ਏਟਾ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਕੋਤਵਾਲੀ ਨਗਰ ਇਲਾਕੇ ਵਿੱਚ ਦਿਨ-ਦਿਹਾੜੇ ਵਾਪਰੀ ਇੱਕ ਰੂਹ ਕੰਬਾਊ ਘਟਨਾ ਨੇ ਸਾਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਇੱਥੇ ਸੁਨਹਿਰੀ ਨਗਰ ਨਗਰਾ ਪ੍ਰੇਮੀ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਇੱਟਾਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਹਮਲੇ ਵਿੱਚ ਪਰਿਵਾਰ ਦੀ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ।
ਮ੍ਰਿਤਕਾਂ ਵਿੱਚ ਪਤੀ-ਪਤਨੀ ਅਤੇ ਨੌਜਵਾਨ ਧੀ ਸ਼ਾਮਲ
ਪੁਲਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਗੰਗਾ ਸਿੰਘ (70), ਉਸ ਦੀ ਪਤਨੀ ਸ਼ਿਆਮਾ ਦੇਵੀ (65) ਅਤੇ ਉਨ੍ਹਾਂ ਦੀ ਧੀ ਜਯੋਤੀ (23) ਵਜੋਂ ਹੋਈ ਹੈ। ਇਸ ਖੂਨੀ ਹਮਲੇ ਵਿੱਚ ਰਤਨਾ ਨਾਮ ਦੀ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਤੁਰੰਤ ਏਟਾ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਥਾਨਕ ਨਿਵਾਸੀ ਅਭਿਲਾਖ ਸਿੰਘ ਅਨੁਸਾਰ ਗੰਗਾ ਸਿੰਘ ਕੈਂਸਰ ਦੀ ਗੰਭੀਰ ਬਿਮਾਰੀ ਤੋਂ ਵੀ ਪੀੜਤ ਸੀ।
CCTV ਫੁਟੇਜ ਖੰਗਾਲ ਰਹੀ ਹੈ ਪੁਲਸ
ਵਾਰਦਾਤ ਦੀ ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਸ ਫੋਰਸ ਅਤੇ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਸਬੂਤ ਇਕੱਠੇ ਕੀਤੇ। ਵਧੀਕ ਪੁਲਸ ਕਪਤਾਨ ਸ਼ਵੇਤਾਭ ਪਾਂਡੇ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰਾਂ ਨੇ ਵਾਰਦਾਤ ਲਈ ਇੱਟਾਂ ਦੀ ਵਰਤੋਂ ਕੀਤੀ ਹੈ। ਪੁਲਸ ਵੱਲੋਂ ਇਲਾਕੇ ਵਿੱਚ ਲੱਗੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਾਤਲਾਂ ਦਾ ਸੁਰਾਗ ਲਗਾਇਆ ਜਾ ਸਕੇ।
ਇਲਾਕੇ 'ਚ ਪੁਲਿਸ ਫੋਰਸ ਤਾਇਨਾਤ
ਪੁਲਸ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਸ਼ਿਕਾਇਤ ਮਿਲਣ ਤੋਂ ਬਾਅਦ ਅਧਿਕਾਰਤ ਤੌਰ 'ਤੇ ਐੱਫ.ਆਈ.ਆਰ. (FIR) ਦਰਜ ਕੀਤੀ ਜਾਵੇਗੀ। ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਇਲਾਕੇ ਵਿੱਚ ਤਣਾਅ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਵਾਧੂ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਤਾਂ ਜੋ ਕਾਨੂੰਨ ਵਿਵਸਥਾ ਬਣੀ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
