ਹੈਲਮਟ ਨਾ ਪਾਉਣ ਦੀ ਗਲਤੀ ਪਈ ਭਾਰੀ, ਸੜਕ ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਤ
Thursday, Jan 02, 2025 - 04:14 PM (IST)
ਲਾਤੇਹਾਰ (ਝਾਰਖੰਡ)(ਪੀ.ਟੀ.ਆਈ.) : ਝਾਰਖੰਡ ਦੇ ਲਾਤੇਹਾਰ ਜ਼ਿਲ੍ਹੇ ਵਿੱਚ ਇੱਕ SUV ਤੇ ਇੱਕ ਮੋਟਰਸਾਈਕਲ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਪੀੜਤਾਂ ਦੀ ਉਮਰ 18 ਤੋਂ 22 ਸਾਲ ਦੇ ਵਿਚਕਾਰ ਸੀ ਤੇ ਮੋਟਰਸਾਈਕਲ ਸਵਾਰ ਕਿਸੇ ਵੀ ਵਿਅਕਤੀ ਨੇ ਹੈਲਮਟ ਨਹੀਂ ਪਾਇਆ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਮਾਨਿਕਾ ਪੁਲਸ ਸਟੇਸ਼ਨ ਦੇ ਅਧੀਨ NH 39 'ਤੇ ਇੱਕ ਕਾਲਜ ਦੇ ਨੇੜੇ ਹੋਏ ਹਾਦਸੇ ਵਿੱਚ ਉਨ੍ਹਾਂ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਸਦਰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਲਾਤੇਹਾਰ ਥਾਣੇ ਦੇ ਇੰਚਾਰਜ ਦੁੱਲਰ ਚੋਡੇ ਨੇ ਦੱਸਿਆ ਕਿ ਐੱਸਯੂਵੀ ਨਾਲ ਹੋਈ ਆਹਮੋ-ਸਾਹਮਣੇ ਟੱਕਰ ਵਿੱਚ ਮਾਰੇ ਗਏ ਨੌਜਵਾਨਾਂ ਦੀ ਪਛਾਣ ਬਲਬੀਰ ਉਰਾਉਂ, ਅਰਵਿੰਦ ਉਰਾਉਂ ਅਤੇ ਪ੍ਰੇਮ ਉਰਾਵਾਂ ਵਜੋਂ ਹੋਈ ਹੈ, ਜੋ ਸਾਰੇ ਵਾਸੀ ਮਾਨਿਕਾ ਥਾਣੇ ਅਧੀਨ ਪੈਂਦੇ ਪਿੰਡ ਡੋਂਕੀ ਦੇ ਰਹਿਣ ਵਾਲੇ ਹਨ। ਬੁੱਧਵਾਰ ਨੂੰ ਹੋਈ ਟੱਕਰ 'ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਐੱਸਯੂਵੀ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।