IIT-B ਦੇ 3 ਸਾਬਕਾ ਵਿਦਿਆਰਥਆਂ ਨੇ ਬਣਾਈ ਸਿਹਤ ਜਾਂਚ ਕਿੱਟ, 30 ਸਕਿੰਟਾਂ ''ਚ ਦਿੰਦੀ ਹੈ ਨਤੀਜਾ
Sunday, Feb 26, 2023 - 02:49 PM (IST)

ਨਾਗਪੁਰ- ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ-ਮੁੰਬਈ ਦੇ ਤਿੰਨ ਸਾਬਕਾ ਵਿਦਿਆਰਥੀਆਂ ਨੇ ਪਿਸ਼ਾਬ ਦੇ ਨਮੂਨੇ ਦੀ ਵਰਤੋਂ ਕਰਕੇ ਇਕ ਸਮਾਰਟਫੋਨ-ਅਧਾਰਿਤ ਸਿਹਤ ਜਾਂਚ ਕਿੱਟ ਤਿਆਰ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ 30 ਸਕਿੰਟਾਂ ਵਿਚ ਨਤੀਜਾ ਦਿੰਦੀ ਹੈ। ਜ਼ਿਲ੍ਹਾ ਪ੍ਰੀਸ਼ਦ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ 'ਚ ਕੁਝ ਜਨਤਕ ਸਿਹਤ ਕੇਂਦਰ (PHC) ਸਿਹਤ ਜਾਂਚ ਲਈ ਇਨ੍ਹਾਂ ਕਿੱਟਾਂ ਦੀ ਵਰਤੋਂ ਕਰ ਰਹੇ ਹਨ।
ਜਾਂਚ ਲਈ ਇਕ ਵਿਅਕਤੀ ਨੂੰ ਇਕ ਕਾਰਡ (ਜਾਂਚ ਕਿੱਟ 'ਚ ਮੁਹੱਈਆ ਕਰਵਾਏ ਗਏ) ਇਕ ਸਕਿੰਟ ਲਈ ਪਿਸ਼ਾਬ 'ਚ ਡੁਬੋਣਾ ਹੁੰਦਾ ਹੈ ਅਤੇ 'ਨੀਓਡੌਕਸ' ਐਪ ਦੀ ਵਰਤੋਂ ਕਰ ਕੇ ਆਪਣੇ ਫੋਨ 'ਤੇ ਇਸ ਦੀ ਇਕ ਤਸਵੀਰ ਲੈਣੀ ਹੁੰਦੀ ਹੈ। IIT-B ਦੇ ਸਾਬਕਾ ਵਿਦਿਆਰਥੀਆਂ- ਅਨੁਰਾਗ ਮੀਣਾ, ਨਿਕੁੰਜ ਮਲਪਾਨੀ ਅਤੇ ਪ੍ਰਤੀਕ ਲੋਢਾ ਵਲੋਂ ਸ਼ੁਰੂ ਕੀਤੇ ਗਏ ਸਟਾਰਟਅਪ 'ਨੀਓਡੌਕਸ' ਦੀ ਰਣਨੀਤਕ ਭਾਈਵਾਲੀ ਪ੍ਰਬੰਧਕ ਮਨਸਵੀ ਸ਼ਾਹ ਨੇ ਦਾਅਵਾ ਕੀਤਾ ਕਿ ਫੋਟੋ ਸਾਡੇ ਕਲਾਉਡ ਸਰਵਰ 'ਤੇ ਅਪਲੋਡ ਹੋ ਜਾਂਦੀ ਹੈ, ਜਿੱਥੇ ਇਕ ਐਲਗੋਰਿਦਮ ਕਾਰਡ ਨੂੰ ਸਕੈਨ ਕਰਨ ਲਈ ਕੰਪਿਊਟਰ ਦੀ ਵਰਤੋਂ ਕਰਦਾ ਹੈ ਅਤੇ 30 ਸਕਿੰਟਾਂ ਦੇ ਅੰਦਰ ਨਤੀਜਾ ਦਿੰਦਾ ਹੈ। ਨਾਗਪੁਰ 'ਚ ਹਾਲ ਹੀ ਵਿਚ ਆਯੋਜਿਤ ਭਾਰਤੀ ਵਿਗਿਆਨ ਕਾਂਗਰਸ 'ਚ ਇਕ ਪ੍ਰਦਰਸ਼ਨੀ ਦੌਰਾਨ 'ਨੀਓਡੌਕਸ' ਪਿਸ਼ਾਬ ਜਾਂਚ ਕਿੱਟ ਪੇਸ਼ ਕੀਤੀ ਗਈ ਸੀ।