ਔਰਤ ਦਾ ਕਤਲ ਕਰ ਕਬਰਿਸਤਾਨ ''ਚ ਦਫ਼ਨਾਈ ਲਾਸ਼, ਇੰਝ ਖੁੱਲ੍ਹਿਆ ਰਾਜ਼
Thursday, Jan 12, 2023 - 03:12 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ 'ਚ 54 ਸਾਲਾ ਮਹਿਲਾ ਫਾਇਨਾਂਸਰ ਦਾ ਕਤਲ ਕਰਨ ਅਤੇ ਉਸ ਦੀ ਲਾਸ਼ ਨੂੰ ਬਾਹਰੀ ਦਿੱਲੀ ਦੇ ਨੰਗਲੋਈ 'ਚ ਇਕ ਕਬਰਿਸਤਾਨ 'ਚ ਦਫ਼ਨਾਉਣ ਦੇ ਦੋਸ਼ 'ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਔਰਤ ਦੋਸ਼ੀਆਂ ਨੂੰ ਦਿੱਤੇ ਉਧਾਰ ਪੈਸੇ ਵਾਪਸ ਮੰਗ ਰਹੀ ਸੀ, ਇਸ ਲਈ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਮੰਗੋਲਪੁਰੀ ਦੇ ਅਵੰਤਿਕਾ ਐਨਕਲੇਵ 'ਚ ਰਹਿਣ ਵਾਲੀ ਇਕ ਔਰਤ ਦੇ ਲਾਪਤਾ ਹੋਣ ਦੀ ਰਿਪੋਰਟ ਮੰਗੋਲਪੁਰੀ ਥਾਣੇ 'ਚ 2 ਜਨਵਰੀ ਨੂੰ ਦਰਜ ਕਰਵਾਈ ਗਈ ਸੀ। ਪੁਲਸ ਅਨੁਸਾਰ ਉਹ ਸ਼ਹਿਰ ਦੇ ਪੱਛਮੀ ਹਿੱਸੇ 'ਚ ਫੇਰੀ ਵਾਲਿਆਂ ਨੂੰ ਛੋਟੇ-ਮੋਟੇ ਕਰਜ਼ ਦਿੰਦੀ ਸੀ ਅਤੇ ਕੁਝ ਪੈਸੇ ਉਸ ਨੇ ਦੋਸ਼ੀਆਂ ਨੂੰ ਵੀ ਉਧਾਰ ਦਿੱਤੇ ਸਨ। ਗੁੰਮਸ਼ੁਦਗੀ ਦੀ ਰਿਪੋਰਟ ਤੋਂ ਬਾਅਦ ਜਦੋਂ ਪੁਲਸ ਨੇ ਔਰਤ ਦੀ ਭਾਲ ਸ਼ੁਰੂ ਕੀਤੀ ਤਾਂ ਉਸ ਦਾ ਮੋਬਾਇਲ ਫ਼ੋਨ ਬੰਦ ਸੀ।
ਪੁਲਸ ਡਿਪਟੀ ਕਮਿਸ਼ਨਰ ਹਰੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ 7 ਜਨਵਰੀ ਨੂੰ ਭਾਰਤੀ ਦੰਡਾਵਲੀ ਦੀ ਧਾਰਾ 365 (ਅਗਵਾ) ਦੇ ਅਧੀਨ ਮਾਮਲਾ ਦਰਜ ਕੀਤਾ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਨੂੰ ਪਤਾ ਲੱਗਾ ਕਿ ਔਰਤ ਨੂੰ ਆਖ਼ਰੀ ਵਾਰ ਜੋ ਫ਼ੋਨ ਆਏ ਸਨ, ਉਹ ਉਸ ਦੇ ਇਲਾਕੇ 'ਚ ਰਹਿਣ ਵਾਲੇ 2 ਲੋਕਾਂ ਨੇ ਕੀਤੇ ਸਨ। ਪੁਲਸ ਨੇ ਇਸ ਆਧਾਰ 'ਤੇ ਮੁਬੀਨ ਨਾਮੀ ਵਿਅਕਤੀ ਨੂੰ ਫੜਿਆ। ਪੁਲਸ ਨੇ ਉਸ ਦੀ ਸੂਚਨਾ 'ਤੇ ਇਕ ਹੋਰ ਸ਼ੱਕੀ ਨਵੀਨ ਨੂੰ ਵੀ ਹਿਰਾਸਤ 'ਚ ਲਿਆ, ਜਿਸ ਨੇ ਕਤਲ 'ਚ ਸ਼ਮੂਲੀਅਤ ਬਾਰੇ ਪੁਲਸ ਨੂੰ ਦੱਸਿਆ। ਪੁਲਸ ਅਨੁਸਾਰ ਨਵੀਨ ਨੇ ਦੱਸਿਆ ਕਿ ਉਹ ਅਤੇ ਮੁਬੀਨ ਪਿਛਲੇ 4-5 ਸਾਲ ਤੋਂ ਔਰਤ ਨੂੰ ਜਾਣਦੇ ਸਨ ਅਤੇ ਉਸ ਦਾ ਕਤਲ ਬਾਹਰੀ ਦਿੱਲੀ ਦੇ ਮਾਂਗੇਰਾਮ ਪਾਰਕ 'ਚ ਮੁਬੀਨ ਦੇ ਕਮਰੇ 'ਚ 2 ਜਨਵਰੀ ਨੂੰ ਤੀਜੇ ਸ਼ਖ਼ਸ ਰੇਹਾਨ ਨੇ ਕੀਤਾ ਸੀ। ਡੀ.ਸੀ.ਪੀ. ਨੇ ਦੱਸਿਆ ਕਿ ਤਿੰਨੋਂ ਰਾਤ ਨੂੰ ਉਸ ਦੀ ਲਾਸ਼ ਨਾਂਗਲੋਈ ਕਬਰਿਸਤਾਨ ਲੈ ਗਏ ਅਤੇ ਉੱਥੇ ਦੀ ਰੱਖਵਾਲੀ ਕਰਨ ਵਾਲੇ ਵਿਅਕਤੀ ਦੀ ਮਿਲੀਭਗਤ ਨਾਲ ਉਸ ਨੂੰ ਦਫ਼ਨਾ ਦਿੱਤਾ। ਪੁਲਸ ਨੇ ਇਕਬਾਲੀਆ ਬਿਆਨ ਤੋਂ ਬਾਅਦ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਤਲ 'ਚ ਇਸਤੇਮਾਲ ਆਟੋ ਵੀ ਜ਼ਬਤ ਕਰ ਲਿਆ। ਸਿੰਘ ਅਨੁਸਾਰ ਪੁਲਸ ਨੇ ਕਬਰਿਸਤਾਨ ਤੋਂ ਔਰਤ ਦੀ ਲਾਸ਼ ਕੱਢ ਕੇ ਪੋਸਟਮਾਰਟਮ ਲਈ ਭੇਜੀ ਹੈ। ਪੁਲਸ ਅਨੁਸਾਰ ਮੋਬੀਨ ਆਟੋ ਚਲਾਉਂਦਾ ਹੈ, ਉੱਥੇ ਹੀ ਨਵੀਨ ਦਰਜੀ ਹੈ ਅਤੇ ਰੇਹਾਨ ਨਾਈਂ ਦਾ ਕੰਮ ਕਰਦਾ ਹੈ। ਪੁਲਸ ਨੇ ਮਾਮਲੇ 'ਚ ਚੌਥੇ ਦੋਸ਼ੀ ਅਤੇ ਕਬਰਿਸਤਾਨ ਦੀ ਦੇਖਰੇਖ ਕਰਨ ਵਾਲੇ ਸਈਅਦ ਅਲੀ ਦੀ ਵੀ ਪਛਾਣ ਕਰ ਲਈ ਹੈ, ਜਿਸ ਨੇ ਪੈਸੇ ਲੈ ਕੇ ਲਾਸ਼ ਦਫ਼ਨਾ ਦਿੱਤੀ।