ਧਮਕੀਆਂ ਦਾ ਸਾਹਮਣਾ ਕਰ ਰਹੇ ਕਸ਼ਮੀਰੀ ਡਾਕਟਰ ਦੀਆਂ ਬੇਟੀਆਂ ਦਾ ਦੋਸਤਾਂ ਨੇ ਕੀਤਾ ਬਾਈਕਾਟ

02/19/2019 5:04:48 PM

ਕੋਲਕਾਤਾ— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਧਮਕੀਆਂ ਮਿਲਣ ਦਾ ਦਾਅਵਾ ਕਰਨ ਵਾਲੇ ਕਸ਼ਮੀਰੀ ਡਾਕਟਰ ਦੀਆਂ ਬੇਟੀਆਂ ਨੂੰ ਸਕੂਲ 'ਚ ਅਣਗਹਿਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਲਕਾਤਾ 'ਚ 22 ਸਾਲਾਂ ਤੋਂ ਰਹਿ ਰਹੇ ਇਕ ਕਸ਼ਮੀਰੀ ਡਾਕਟਰ ਨੇ ਦਾਅਵਾ ਕੀਤਾ ਸੀ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਉਸ ਨੂੰ ਸ਼ਹਿਰ ਛੱਡਣ ਜਾਂ ਫਿਰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਕਈ ਹੋਰ ਜ਼ਖਮੀ ਹੋਏ ਸਨ। ਡਾਕਟਰ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਸਰਕਾਰ ਦੇ ਉਸ ਦੇ ਬਚਾਅ 'ਚ ਆਉਣ ਤੋਂ ਬਾਅਦ ਉੱਥੇ ਰਹਿਣ ਦਾ ਫੈਸਲਾ ਕੀਤਾ ਸੀ। ਡਾਕਟਰ ਦੀ 9 ਅਤੇ 7 ਸਾਲ ਦੀਆਂ 2 ਬੇਟੀਆਂ ਹਨ, ਜੋ ਸ਼ਹਿਰ ਦੇ ਇਕ ਵੱਡੇ ਅੰਗਰੇਜ਼ੀ ਮੀਡੀਅਮ ਸਕੂਲ 'ਚ ਪੜ੍ਹਦੀਆਂ ਹਨ। ਪੱਛਮੀ ਬੰਗਾਲ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਅਨੰਨਿਆ ਚੱਕਰਵਤੀ ਨੇ ਕਿਹਾ ਕਿ ਸਕੂਲ 'ਚ ਦੋਹਾਂ ਬੱਚੀਆਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਵੱਖ ਕਰ ਦਿੱਤਾ ਹੈ। ਚੱਕਰਵਤੀ ਹੀ ਡਾਕਟਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਕਰ ਰਹੀ ਹੈ।
ਚੱਕਰਵਤੀ ਨੇ ਕਿਹਾ,''ਡਾਕਟਰ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੀਆਂ ਬੇਟੀਆਂ ਦੇ ਦੋਸਤ ਉਨ੍ਹਾਂ ਨਾਲ ਸਹੀ ਤਰ੍ਹਾਂ ਗੱਲ ਨਹੀਂ ਕਰ ਰਹੇ। ਮੈਂ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਹੋਣ ਲਈ ਕਿਹਾ ਹੈ। ਮੈਂ ਸਕੂਲ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਮਾਮਲੇ 'ਚ ਦਖਲਅੰਦਾਜ਼ੀ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਬੱਚੀਆਂ ਨਾਲ ਸਕੂਲ ਜਾਣ ਵਾਲੇ ਕੁਝ ਬੱਚਿਆਂ ਨੇ ਉਨ੍ਹਾਂ ਨਾਲ ਜਾਣਾ ਬੰਦ ਕਰ ਦਿੱਤਾ ਹੈ। ਕੁਝ ਨੇ ਉਨ੍ਹਾਂ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ ਹੈ।''

ਉਨ੍ਹਾਂ ਨੇ ਕਿਹਾ,''ਅਸੀਂ ਉਨ੍ਹਾਂ ਨੂੰ ਪੂਰੇ ਸਮਰਥਨ ਦਾ ਭਰੋਸਾ ਦਿੱਤਾ ਹੈ ਪਰ ਇਹ ਇਕ ਭਿਆਨਕ ਸਥਿਤੀ ਹੈ, ਜੋ ਧਰੂਵੀਕਰਨ ਦੇ ਇਕਮਾਤਰ ਮਕਸਦ ਨਾਲ ਜਾਣਬੁੱਝ ਕੇ ਚੋਣਾਂ ਤੋਂ ਪਹਿਲਾਂ ਬਣਾਈ ਜਾ ਰਹੀ ਹੈ। ਡਾਕਟਰ ਨੇ ਮੀਡੀਆ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਡਾਕਟਰ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਤੰਗ ਕੀਤਾ ਗਿਆ ਪਰ ਉਸ ਨੇ ਸ਼ੁਰੂਆਤ 'ਚ ਧਮਕੀਆਂ 'ਤੇ ਕੋਈ ਧਿਆਨ ਦਿੱਤਾ ਪਰ ਚਿੰਤਾ ਉਦੋਂ ਵਧ ਗਈ, ਜਦੋਂ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋ ਕੇ ਉਨ੍ਹਾਂ ਦੇ ਪਾਕਿਸਤਾਨ ਨਾ ਜਾਣ 'ਤੇ ਉਨ੍ਹਾਂ ਦੀਆਂ ਬੇਟੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਵਾਮਾ ਹਮਲੇ ਦੇ ਇਕ ਦਿਨ ਬਾਅਦ 15 ਫਰਵਰੀ ਨੂੰ ਡਾਕਟਰ ਦੇ ਘਰ ਆਉਣ ਤੋਂ ਬਾਅਦ 20 ਤੋਂ 25 ਸਾਲ ਦੇ 5 ਵਿਅਕਤੀ ਉਸ ਦੇ ਘਰ ਪੁੱਜੇ ਅਤੇ ਉਨ੍ਹਾਂ ਨੂੰ ਤੁਰੰਤ ਸ਼ਹਿਰ ਛੱਡਣ ਦੀ ਧਮਕੀ ਦਿੰਦੇ ਹੋਏ ਕਿਹਾ,''ਪਾਕਿਸਤਾਨ ਵਾਪਸ ਜਾਓ, ਕਿਉਂਕਿ ਕਸ਼ਮੀਰੀਆਂ ਲਈ ਇਸ ਦੇਸ਼ 'ਚ ਕੋਈ ਜਗ੍ਹਾ ਨਹੀਂ ਹੈ। ਡਾਕਟਰ ਨੇ ਕਿਹਾ ਕਿ ਇਸ ਵਾਰ ਧਮਕੀ ਗੰਭੀਰ ਲੱਗੀ ਅਤੇ ਉਨ੍ਹਾਂ ਨੇ ਸ਼ਹਿਰ ਛੱਡਣ ਦਾ ਮਨ ਬਣਾ ਲਿਆ ਸੀ ਪਰ ਉਨ੍ਹਾਂ ਨੇ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਸਰਕਾਰ ਨਾਲ ਸੰਪਰਕ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਅਨੰਨਿਆ ਚੱਕਰਵਤੀ ਨੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ।


DIsha

Content Editor

Related News