'ਮਨ ਕੀ ਬਾਤ' ਦਾ 111ਵਾਂ ਐਪੀਸੋਡ, PM ਮੋਦੀ ਬੋਲੇ- 4 ਮਹੀਨੇ ਬਾਅਦ ਮੁੜ ਪਰਿਵਾਰ ਦਰਮਿਆਨ ਹਾਂ

Sunday, Jun 30, 2024 - 11:48 AM (IST)

'ਮਨ ਕੀ ਬਾਤ' ਦਾ 111ਵਾਂ ਐਪੀਸੋਡ, PM ਮੋਦੀ ਬੋਲੇ- 4 ਮਹੀਨੇ ਬਾਅਦ ਮੁੜ ਪਰਿਵਾਰ ਦਰਮਿਆਨ ਹਾਂ

ਨਵੀਂ ਦਿੱਲੀ- ਲੋਕ ਸਭਾ ਚੋਣਾਂ 'ਚ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਐਤਵਾਰ ਨੂੰ ਪਹਿਲੀ 'ਮਨ ਕੀ ਬਾਤ' ਕੀਤੀ। ਇਹ ਇਸ ਪ੍ਰੋਗਰਾਮ ਦਾ 111ਵਾਂ ਐਪੀਸੋਡ ਹੈ। ਪ੍ਰੋਗਰਾਮ ਦੀ ਸ਼ੁਰੂਆਤ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਰ ਮਹੀਨਿਆਂ ਬਾਅਦ ਅੱਜ ਮੁੜ ਪਰਿਵਾਰ ਵਾਲਿਆਂ ਦਰਮਿਆਨ ਹਾਂ। ਇਸ ਤੋਂ ਪਹਿਲਾਂ ਫਰਵਰੀ 'ਚ ਪ੍ਰੋਗਰਾਮ ਹੋਇਆ ਸੀ। ਉਦੋਂ ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਰਾਜਨੀਤਕ ਮਰਿਆਦਾ ਦੀ ਪਾਲਣਾ ਕਰਦੇ ਹੋਏ ਲੋਕ ਸਭਾ ਚੋਣਾਂ ਦੇ ਇਨ੍ਹਾਂ ਦਿਨਾਂ 'ਚ ਤਿੰਨ ਮਹੀਨੇ 'ਮਨ ਕੀ ਬਾਤ' ਦਾ ਪ੍ਰਸਾਰਣ ਨਹੀਂ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਨ ਕੀ ਬਾਤ ਰੁਕ ਰਿਹਾ ਹੈ, ਦੇਸ਼ ਦੀਆਂ ਉਪਲੱਬਧੀਆਂ ਨਹੀਂ ਰੁਕ ਰਹੀਆਂ। 

ਪੀ.ਐੱਮ. ਮੋਦੀ ਨੇ ਮਨ ਕੀ ਬਾਤ 'ਚ ਇਨ੍ਹਾਂ ਮੁੱਦਿਆਂ 'ਤੇ ਕੀਤੀ ਗੱਲ

ਲੋਕ ਸਭਾ ਚੋਣਾਂ 'ਤੇ : ਪੀ.ਐੱਮ. ਮੋਦੀ ਨੇ ਅੱਜ ਯਾਨੀ ਕਿਹਾ,''ਚੋਣਾਂ 'ਚ ਲੋਕਾਂ ਨੇ ਸੰਵਿਧਾਨ, ਲੋਕਤੰਤਰੀ ਪ੍ਰਕਿਰਿਆ 'ਚ ਆਪਣਾ ਅਟੁੱਟ ਭਰੋਸਾ ਜਤਾਇਆ।'' ਉਨ੍ਹਾਂ ਕਿਹਾ ਕਿ 24 ਦੀਆਂ ਚੋਣਾਂ, ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ। ਦੁਨੀਆ ਦੇ ਕਿਸੇ ਵੀ ਦੇਸ਼ 'ਚ ਇੰਨੀਆਂ ਵੱਡੀਆਂ ਚੋਣਾਂ ਕਦੇ ਨਹੀਂ ਹੋਈਆਂ, ਜਿਸ 'ਚ 65 ਕਰੋੜ ਲੋਕਾਂ ਨੇ ਵੋਟਾਂ ਪਾਈਆਂ। ਮੈਂ ਚੋਣ ਕਮਿਸ਼ਨ ਅਤੇ ਵੋਟਿੰਗ ਦੀ ਪ੍ਰਕਿਰਿਆ ਨਾਲ ਜੁੜੇ ਹਰ ਵਿਅਕਤੀ ਨੂੰ ਇਸ ਲਈ ਵਧਾਈ ਦਿੰਦਾ ਹਾਂ। 

ਯੋਗ ਦਿਵਸ 'ਤੇ : ਇਸ ਮਹੀਨੇ ਪੂਰੀ ਦੁਨੀਆ ਨੇ 10ਵੇਂ ਯੋਗ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ ਹੈ। ਮੈਂ ਵੀ ਜੰਮੂ ਕਸ਼ਮੀਰ ਦੇ ਸ਼੍ਰੀਨਗਰ 'ਚ ਯੋਗ ਪ੍ਰੋਗਰਾਮ 'ਚ ਸ਼ਾਮਲ ਹੋਇਆ ਸੀ। ਕਸ਼ਮੀਰ 'ਚ ਨੌਜਵਾਨਾਂ ਦੇ ਨਾਲ-ਨਾਲ ਭੈਣਾਂ-ਧੀਆਂ ਨੇ ਵੀ ਯੋਗ ਦਿਵਸ 'ਚ ਵਧ-ਚੜ੍ਹ ਕੇ ਹਿੱਸਾ ਲਿਆ। ਹਰ ਸਾਲ ਯੋਗ ਦਿਵਸ 'ਚ ਨਵੇਂ-ਨਵੇਂ ਰਿਕਾਰਡ ਬਣ ਰਹੇ ਹਨ।

ਪੈਰਿਸ ਓਲੰਪਿਕ 'ਤੇ : ਅਗਲੇ ਮਹੀਨੇ ਇਸ ਸਮੇਂ ਤੱਕ ਪੈਰਿਸ ਓਲੰਪਿਕ ਸ਼ੁਰੂ ਹੋ ਜਾਣਗੇ। ਮੈਂ ਭਾਰਤੀ ਦਲ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਇਸ ਵਾਰ ਸਾਡਾ ਹੈਸ਼ਟੈਗ #Cheer4Bharat ਹੈ। ਇਸ ਰਾਹੀਂ ਸਾਨੂੰ ਆਪਣੇ ਖਿਡਾਰੀਆਂ ਨੂੰ ਚੀਅਰ ਕਰਨਾ ਹੈ। ਟੋਕਿਓ ਦੀਆਂ ਯਾਦਾਂ ਅਜੇ ਤੱਕ ਤਾਜ਼ਾ ਹਨ। ਉਦੋਂ ਤੋਂ ਸਾਡੇ ਖਿਡਾਰੀ ਤਿਆਰੀਆਂ 'ਚ ਜੁਟੇ ਸਨ। 900 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਹੈ। ਇਸ ਵਾਰ ਕੁਝ ਚੀਜ਼ਾਂ ਪਹਿਲੀ ਵਾਰ ਦੇਖਣ ਨੂੰ ਮਿਲਣਗੀਆਂ। 

ਵਾਤਾਵਰਣ ਦਿਵਸ 'ਤੇ : ਵਿਸ਼ਵ ਵਾਤਾਵਰਣ ਦਿਵਸ 'ਤੇ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਨਾਂ ਹੈ- 'ਇਕ ਪੇੜ ਮਾਂ ਦੇ ਨਾਂ'। ਮੈਂ ਵੀ ਇਕ ਬੂਟਾ ਆਪਣੀ ਮਾਂ ਦੇ ਨਾਂ ਦਾ ਲਗਾਇਆ ਹੈ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਦੁਨੀਆ ਦੇ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਆਪਣੀ ਮਾਂ ਨਾਲ ਮਿਲ ਕੇ ਜਾਂ ਉਨ੍ਹਾਂ ਦੇ ਨਾਂ 'ਤੇ ਇਕ ਬੂਟਾ ਜ਼ਰੂਰ ਲਗਾਓ ਅਤੇ ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੈ ਕਿ ਮਾਂ ਦੀ ਯਾਦਗਾਰੀ 'ਚ ਜਾਂ ਉਨ੍ਹਾਂ ਦੇ ਸਨਮਾਨ 'ਚ ਬੂਟਾ ਲਗਾਉਣ ਦੀ ਮੁਹਿੰਮ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

ਕੁਵੈਤ ਰੇਡੀਓ ਦੇ ਹਿੰਦੀ ਸ਼ੋਅ 'ਤੇ : ਕੁਵੈਤ ਸਰਕਾਰ ਨੇ ਆਪਣੇ ਨੈਸ਼ਨਲ ਰੇਡੀਓ 'ਤੇ ਇਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਤੇ ਉਹ ਵੀ ਹਿੰਦੀ 'ਚ। ਕੁਵੈਤ ਰੇਡੀਓ 'ਤੇ ਹਰ ਐਤਵਾਰ ਨੂੰ ਇਸ ਦਾ ਅੱਧੇ ਘੰਟੇ ਟੈਲੀਕਾਸਟ ਕੀਤਾ ਜਾਂਦਾ ਹੈ। ਇਸ 'ਚ ਭਾਰਤੀ ਸੰਸਕ੍ਰਿਤੀ ਦੇ ਵੱਖ-ਵੱਖ ਰੰਗ ਸ਼ਾਮਲ ਹੁੰਦੇ ਹਨ। ਸਾਡੀਆਂ ਫਿਲਮਾਂ ਅਤੇ ਕਲਾ ਜਗਤ ਨਾਲ ਜੁੜੀਆਂ ਚਰਚਾਵਾਂ ਉੱਥੇ ਭਾਰਤੀ ਭਾਈਚਾਰੇ ਵਿਚਾਲੇ ਬਹੁਤ ਲੋਕਪ੍ਰਿਯ ਹਨ।

ਰੇਡੀਓ ਦੇ ਸੰਸਕ੍ਰਿਤ ਬੁਲੇਟਿਨ ਦੀ ਸਿਲਵ ਜੁਬਲੀ 'ਤੇ : ਅੱਜ ਸੰਸਕ੍ਰਿਤ ਨਾਲ ਜੁੜਿਆ ਇਕ ਖ਼ਾਸ ਮੌਕਾ ਹੈ। ਅੱਜ 30 ਜੂਨ ਨੂੰ ਆਕਾਸ਼ਵਾਣੀ ਦਾ ਸੰਸਕ੍ਰਿਤ ਬੁਲੇਟਿਨ ਆਪਣੇ ਪ੍ਰਸਾਰਨ ਦੇ 50 ਸਾਲ ਪੂਰੇ ਕਰ ਰਿਹਾ ਹੈ। 50 ਸਾਲ ਤੋਂ ਲਗਾਤਾਰ ਇਸ ਬੁਲੇਟਿਨ ਨੇ ਕਿੰਨੇ ਹੀ ਲੋਕਾਂ ਨੂੰ ਸੰਸਕ੍ਰਿਤ ਨਾਲ ਜੋੜੇ ਰੱਖਿਆ ਹੈ। ਮੈਂ ਆਲ ਇੰਡੀਆ ਰੇਡੀਓ ਪਰਿਵਾਰ ਨੂੰ ਵਧਾਈ ਦਿੰਦਾ ਹਾਂ। ਸੰਸਕ੍ਰਿਤ ਦੀ ਭਾਰਤੀ ਗਿਆਨ-ਵਿਗਿਆਨ 'ਚ ਵੱਡੀ ਭੂਮਿਕਾ ਰਹੀ ਹੈ। ਅੱਜ ਦੇ ਸਮੇਂ ਦੀ ਮੰਗ ਹੈ ਕਿ ਅਸੀਂ ਸੰਸਕ੍ਰਿਤ ਨੂੰ ਸਨਮਾਨ ਵੀ ਦੇਈਏ ਅਤੇ ਉਸ ਨੂੰ ਆਪਣੇ ਜੀਵਨ ਨਾਲ ਵੀ ਜੋੜੀਏ।

ਅਰਕੂ ਕੌਫ਼ੀ 'ਤੇ : ਭਾਰਤ ਦੇ ਕਈ ਪ੍ਰੋਡਕਟਸ ਦੀ ਦੁਨੀਆ ਭਰ 'ਚ ਬਹੁਤ ਡਿਮਾਂਡ ਹੈ। ਅਜਿਹਾ ਹੀ ਪ੍ਰੋਡਕਟ ਹੈ ਅਰਕੂ ਕੌਫ਼ੀ। ਇਹ ਆਂਧਰਾ ਪ੍ਰਦੇਸ਼ ਦੇ ਅਲੁਰੀ ਸੀਤਾ ਰਾਮ ਰਾਜੂ ਜ਼ਿਲ੍ਹੇ 'ਚ ਪੈਦਾ ਹੁੰਦੀ ਹੈ। ਇਹ ਆਪਣੇ ਰਿਚ ਫਲੇਵਰ-ਅਰੋਮਾ ਲਈ ਜਾਣੀ ਜਾਂਦੀ ਹੈ। ਅਰਕੂ ਕੌਫ਼ੀ ਦੀ ਖੇਤੀ ਨਾਲ ਕਰੀਬ ਡੇਢ ਲੱਖ ਆਦਿਵਾਸੀ ਪਰਿਵਾਰ ਜੁੜੇ ਹੋਏ ਹਨ।

ਪੁਲਵਾਮਾ ਦੀ ਸਨੋ ਪੀਸ 'ਤੇ : ਪਿਛਲੇ ਮਹੀਨੇ ਜੰਮੂ ਕਸ਼ਮੀਰ ਦੇ ਪੁਲਵਾਮਾ ਤੋਂ ਸਨੋ ਪੀਸ ਦੀ ਪਹਿਲੀ ਖੇਪ ਲੰਡਨ ਭੇਜੀ ਗਈ। ਕੁਝ ਲੋਕਾਂ ਨੂੰ ਇਹ ਲੱਗਿਆ ਕਿ ਕਸ਼ਮੀਰ 'ਚ ਉਗਣ ਵਾਲੀ ਐਗਜਾਟਿਕ ਵੇਜੀਟੇਬਲਜ਼ ਨੂੰ ਕਿਉਂ ਨਾ ਦੁਨੀਆ ਦੇ ਨਕਸ਼ੇ 'ਤੇ ਲਿਆਂਦਾ ਜਾਵੇ। ਚਕੂਰਾ ਪਿੰਡ ਦੇ ਅਬਦੁੱਲ ਰਾਸ਼ੀਦ ਮੀਰ ਨੇ ਬਾਕੀ ਕਿਸਾਨਾਂ ਦੀ ਜ਼ਮੀਨ ਨੂੰ ਇਕੱਠੇ ਮਿਲਾ ਕੇ ਸਨੋ ਪੀਸ ਉਗਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਦੇਖਦੇ ਹੀ ਦੇਖਦੇ ਇਹ ਕਸ਼ਮੀਰ ਤੋਂ ਲੰਡਨ ਤੱਕ ਪਹੁੰਚਣ ਲੱਗੀ। 

ਜਗਨਨਾਥ ਰੱਥ ਯਾਤਰਾ 'ਤੇ : ਇਕ ਹਫ਼ਤੇ ਬਾਅਦ ਪਵਿੱਤਰ ਰੱਥ ਯਾਤਰਾ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਮੇਰੀ ਕਾਮਨਾ ਹੈ ਕਿ ਮਹਾਪ੍ਰਭੂ ਜਗਨਨਾਥ ਦੀ ਕਿਰਪਾ ਸਾਡੇ ਦੇਸ਼ ਵਾਸੀਆਂ 'ਤੇ ਹਮੇਸ਼ਾ ਬਣੀ ਰਹੇ। ਅਮਰਨਾਥ ਯਾਤਰਾ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਅਗਲੇ ਕੁਝ ਦਿਨਾਂ 'ਚ ਪੰਢਰਪੁਰ ਵਾਰੀ ਵੀ ਸ਼ੁਰੂ ਹੋਣ ਵਾਲੀ ਹੈ। ਮੈਂ ਇਨ੍ਹਾਂ ਯਾਤਰਾਵਾਂ 'ਚ ਸ਼ਾਮਲ ਹੋਣ ਵਾਲੇ ਸਾਰੇ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ।

ਇੰਨੀਆਂ ਭਾਸ਼ਾਵਾਂ 'ਚ ਮਨ ਕੀ ਬਾਤ ਹੁੰਦਾ ਹੈ ਬ੍ਰਾਡਕਾਸਟ

ਮਨ ਕੀ ਬਾਤ ਨੂੰ 22 ਭਾਰਤੀ ਭਾਸ਼ਾਵਾਂ ਅਤੇ 29 ਬੋਲੀਆਂ ਤੋਂ ਇਲਾਵਾ 11 ਵਿਦੇਸ਼ੀ ਭਾਸ਼ਾਵਾਂ 'ਚ ਵੀ ਬ੍ਰਾਡਕਾਸਟ ਕੀਤਾ ਜਾਂਦਾ ਹੈ। ਇਨ੍ਹਾਂ 'ਚ ਫ੍ਰੈਂਚ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫਾਰਸੀ, ਦਾਰੀ ਅਤੇ ਸਵਾਹਿਲੀ ਸ਼ਾਮਲ ਹਨ। ਮਨ ਕੀ ਬਾਤ ਦੀ ਬ੍ਰਾਡਕਾਸਟਿੰਗ ਆਕਾਸ਼ਵਾਣੀ ਦੇ 500 ਤੋਂ ਵੱਧ ਬ੍ਰਾਡਕਾਸਟਿੰਗ ਸੈਂਟਰ ਵਲੋਂ ਕੀਤੀ ਜਾਂਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

DIsha

Content Editor

Related News