ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਭਲਕੇ ਤੋਂ ਖੁੱਲ੍ਹਣਗੇ ਸਕੂਲ, ਪ੍ਰੀਖਿਆਵਾਂ ਨਾਲ ਹੋਵੇਗੀ ਪਹਿਲੇ ਦਿਨ ਦੀ ਸ਼ੁਰੂਆਤ

Sunday, Jun 30, 2024 - 10:27 AM (IST)

ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਭਲਕੇ ਤੋਂ ਖੁੱਲ੍ਹਣਗੇ ਸਕੂਲ, ਪ੍ਰੀਖਿਆਵਾਂ ਨਾਲ ਹੋਵੇਗੀ ਪਹਿਲੇ ਦਿਨ ਦੀ ਸ਼ੁਰੂਆਤ

ਲੁਧਿਆਣਾ (ਵਿੱਕੀ) : ਕਰੀਬ 41 ਦਿਨਾਂ ਦੀਆਂ ਗਰਮੀ ਦੀਆਂ ਛੁੱਟੀਆਂ ਦੇ ਬਾਅਦ ਜ਼ਿਲ੍ਹੇ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਸੋਮਵਾਰ ਤੋਂ ਦੋਬਾਰਾ ਖੁੱਲ੍ਹ ਰਹੇ ਹਨ। ਸਰਕਾਰੀ ਸਕੂਲਾਂ ਦੇ ਖੁੱਲ੍ਹਣ ਤੋਂ ਪਹਿਲਾ ਜਿੱਥੇ ਵਿਭਾਗ ਨੇ ਸਕੂਲ ਪ੍ਰਮੁੱਖਾਂ ਨੂੰ ਕਈ ਪੱਤਰ ਜਾਰੀ ਕਰ ਕੇ ਤਮਾਮ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ, ਉਥੇ ਨਿੱਜੀ ਸਕੂਲਾਂ ਵਿਚ ਛੁੱਟੀਆਂ ਦੇ ਬਾਅਦ ਦਾ ਪਹਿਲਾ ਦਿਨ ਐਗਜ਼ਾਮ ਡੇਅ ਹੀ ਰਹੇਗਾ। ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿਚ 1 ਜੁਲਾਈ ਤੋਂ ਪ੍ਰੀਖਿਆਵਾਂ ਸ਼ੁਰੂ ਹੋਣੀਆਂ ਹਨ, ਜਿਸ ਦਾ ਸ਼ੈਡਿਊਲ ਸਕੂਲਾਂ ਵਲੋਂ ਛੁੱਟੀਆਂ ਤੋਂ ਪਹਿਲਾਂ ਹੀ ਵਿਦਿਆਰਥੀਆਂ ਨੂੰ ਜਾਰੀ ਕਰ ਦਿੱਤਾ ਗਿਆ ਸੀ। ਫਿਲਹਾਲ ਛੁੱਟੀਆਂ ਦੇ ਅੰਤਿਮ ਪੜਾਅ ਵਿਚ ਮਸਤੀ ਕਰਨ ਦੇ ਬਜਾਏ ਬੱਚੇ ਆਪਣੇ ਘਰਾਂ ਜਾਂ ਟਿਊਸ਼ਨ ਸੈਂਟਰਾਂ ’ਤੇ ਨਵੀਂ ਕਲਾਸ ਦੀ ਪਹਿਲੀ ਪ੍ਰੀਖਿਆ ਦੀ ਰਿਵੀਜ਼ਨ ਕਰਦੇ ਦੇਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਫਾਜ਼ਿਲਕਾ ’ਚ ਸਾਈਬਰ ਕ੍ਰਾਈਮ ਥਾਣਾ ਸ਼ੁਰੂ, ਸਰਕਾਰੀ ਅਧਿਆਪਕਾ ਨਾਲ ਲੱਖਾਂ ਦੀ ਠੱਗੀ ਦੀ ਪਹਿਲੀ FIR ਦਰਜ

ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੇ ਮਈ ਮਹੀਨੇ ਵਿਚ ਹੀ ਪਾਰਾ 48 ਡਿਗਰੀ ਹੁੰਦੇ ਦੇਖ ਬੱਚਿਆਂ ਦੀ ਸਿਹਤ ਦੇ ਮੱਦੇਨਜ਼ਰ ਸਾਰੇ ਸਕੂਲਾਂ ਵਿਚ 30 ਜੂਨ ਤੱਕ ਛੁੱਟੀਆਂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੱਖਿਆ ਵਿਭਾਗ ਨੇ ਜਦ ਸਕੂਲ ਬੰਦ ਕਰਨ ਦੇ ਉਕਤ ਹੁਕਮ ਜਾਰੀ ਕੀਤੇ ਤਾਂ ਕਈ ਸਕੂਲਾਂ ਵਿਚ ਤਾਂ ਮਈ ਮਹੀਨੇ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ ਅਤੇ ਉਥੇ ਹੀ ਕਈਆਂ ਵਿਚ ਅਜੇ ਸ਼ੁਰੂ ਹੋਣੀਆਂ ਸਨ। ਵਿਭਾਗੀ ਸਖ਼ਤੀ ਦੇ ਕਾਰਨ ਸਕੂਲਾਂ ਨੇ ਛੁੱਟੀਆਂ ਦੇ ਬਾਅਦ ਹੀ ਉਕਤ ਪ੍ਰੀਖਿਆਵਾਂ ਕੰਡਕਟ ਕਰਨ ਦਾ ਫ਼ੈਸਲਾ ਲਿਆ ਸੀ। ਹੁਣ ਜਦ ਸੋਮਵਾਰ ਤੋਂ ਬੱਚੇ ਸਕੂਲ ਆਉਣਗੇ ਤਾਂ ਕਲਾਸਾਂ ਤੋਂ ਪਹਿਲਾ ਐਗਜ਼ਾਮ ਵਿਚ ਅਪੀਅਰ ਹੋਣਗੇ।

ਇਹ ਵੀ ਪੜ੍ਹੋ : ਸੁੱਤੀ ਪਈ ਬੱਚੀ ਨੂੰ ਚੁੱਕ ਕੇ ਲੈ ਗਿਆ 3 ਬੱਚਿਆਂ ਦਾ ਪਿਓ, ਜਬਰ-ਜ਼ਿਨਾਹ ਕਰਨ ਮਗਰੋਂ ਮਾਂ ਕੋਲ ਛੱਡ ਗਿਆ
ਜਲਦਬਾਜ਼ੀ ਦੇ ਫ਼ੈਸਲਿਆਂ ਨਾਲ ਵਿਗੜਿਆ ਸਕੂਲਾਂ ਦਾ ਸ਼ੈਡਿਊਲ
ਵੱਖ-ਵੱਖ ਸਕੂਲ ਪ੍ਰਿੰਸੀਪਲਾਂ ਦੀ ਮੰਨੀਏ ਤਾਂ ਸਕੂਲਾਂ ਨੇ ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਆਪਣੇ ਪੂਰੇ ਸਾਲ ਦਾ ਸ਼ੈਡਿਊਲ ਤਿਆਰ ਕੀਤਾ ਹੁੰਦਾ ਹੈ ਪਰ ਸਰਕਾਰ ਦੇ ਜਲਦਬਾਜ਼ੀ ਵਿਚ ਜਾਰੀ ਕੀਤੇ ਜਾਣ ਵਾਲੇ ਹੁਕਮਾਂ ਕਾਰਨ ਸਕੂਲਾਂ ਦਾ ਪੂਰਾ ਸ਼ੈਡਿਊਲ ਵੀ ਗੜਬੜਾ ਗਿਆ ਹੈ। ਜੇਕਰ ਗੱਲ ਸਰਕਾਰੀ ਸਕੂਲਾਂ ਦੀ ਕਰੀਏ ਤਾਂ ਜਦ ਛੁੱਟੀਆਂ ਹੋਈਆਂ ਤਾਂ ਇਨ੍ਹਾਂ ਸਕੂਲਾਂ ਵਿਚ ਕੋਈ ਪੇਪਰ ਨਹੀਂ ਹੋ ਰਹੇ ਸਨ। ਇਕ ਸਕੂਲ ਪ੍ਰਿੰਸੀਪਲ ਮੁਤਾਬਕ ਵਿਭਾਗ ਨੇ ਸਕੂਲਾਂ ਵਿਚ ਪ੍ਰੀਖਿਆਵਾਂ ਸ਼ੁਰੂ ਕਰਨ ਨੂੰ ਲੈ ਕੇ 15 ਜੁਲਾਈ ਦੀ ਤਾਰੀਖ਼ ਤੈਅ ਕੀਤੀ ਸੀ ਪਰ ਇਸ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਹੁਣ ਵਿਭਾਗ ਵਲੋਂ ਜਾਰੀ ਕੀਤੀ ਜਾਣ ਵਾਲੀ ਨਵੀਂ ਡੇਟਸ਼ੀਟ ਦਾ ਇੰਤਜ਼ਾਰ ਕਰਦੇ ਹੋਏ ਪ੍ਰੀਖਿਆਵਾਂ ਦੀ ਤਿਆਰੀ ਲਈ ਫੋਕਸ ਕਰਨਗੇ। ਉੱਥੇ ਨਿੱਜੀ ਸਕੂਲਾਂ ਦੇ ਸਟਾਫ਼ ਨੇ ਸ਼ਨੀਵਾਰ ਨੂੰ ਸਕੂਲਾਂ ਵਿਚ ਪੁੱਜ ਕੇ ਸੋਮਵਾਰ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਦੀ ਰੂਪ-ਰੇਖਾ ਤਿਆਰ ਕਰ ਲਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News