ਕਰੰਟ ਲੱਗਣ ਕਾਰਨ ਗਰਭਵਤੀ ਗਾਂ ਦੀ ਮੌਤ, 15 ਹੋਰ ਝੁਲਸੀਆਂ

Wednesday, Feb 19, 2025 - 05:42 PM (IST)

ਕਰੰਟ ਲੱਗਣ ਕਾਰਨ ਗਰਭਵਤੀ ਗਾਂ ਦੀ ਮੌਤ, 15 ਹੋਰ ਝੁਲਸੀਆਂ

ਅਬੋਹਰ (ਜ. ਬ.) : ਅੱਜ ਸਥਾਨਕ ਮੁਹੱਲਾ ਅਜੀਤ ਨਗਰ 'ਚ ਖੇਤ ’ਚ ਗਾਵਾਂ ਚਰਾਉਣ ਜਾ ਰਹੇ ਇਕ ਗਊ ਚਰਵਾਹੇ ਦੀਆਂ 15 ਦੇ ਕਰੀਬ ਗਾਵਾਂ ਖੇਤ ਮਾਲਕ ਵੱਲੋਂ ਲਾਈਆਂ ਗਈਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ’ਚ ਆਉਣ ਤੋਂ ਬਾਅਦ ਝੁਲਸ ਗਈਆਂ, ਜਦੋਂ ਕਿ ਇਕ ਗਰਭਵਤੀ ਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਕਾਰਨ ਹਿੰਦੂ ਸੰਗਠਨਾਂ ’ਚ ਇਸ ਘਟਨਾ ਪ੍ਰਤੀ ਡੂੰਘਾ ਗੁੱਸਾ ਸੀ। ਸੂਚਨਾ ਮਿਲਦੇ ਹੀ ਸੀਡ ਫਾਰਮ ਚੌਂਕੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ।

ਜਾਣਕਾਰੀ ਅਨੁਸਾਰ ਅਜੀਤ ਨਗਰ ਦਾ ਰਹਿਣ ਵਾਲਾ ਮੁਹੰਮਦ ਖਾਨ ਆਪਣੀਆਂ 20 ਗਾਵਾਂ ਨੂੰ ਆਮ ਵਾਂਗ ਖੇਤਾਂ ’ਚ ਚਰਾਉਣ ਲਈ ਲਿਜਾ ਰਿਹਾ ਸੀ। ਉਸ ਦੀਆਂ ਗਾਵਾਂ ਅਜੀਤ ਨਗਰ ਨੇੜੇ ਇਕ ਖੇਤ ਦੇ ਆਲੇ-ਦੁਆਲੇ ਇਕ ਖੇਤ ਮਾਲਕ ਵੱਲੋਂ ਲਾਈਆਂ ਗਈਆਂ ਬਲੇਡ ਵਾਲੀਆਂ ਤਾਰਾਂ ਅਤੇ ਕਰੰਟ ਵਾਲੀਆਂ ਤਾਰਾਂ ਦੇ ਸੰਪਰਕ ’ਚ ਆ ਗਈਆਂ। ਇਸ ਹਾਦਸੇ ’ਚ ਮੁਹੰਮਦ ਖਾਨ ਦੀਆਂ ਕਰੀਬ 15 ਗਾਵਾਂ ਮਾਮੂਲੀ ਝੁਲਸ ਗਈਆਂ, ਜਦੋਂ ਕਿ ਇਕ ਗਰਭਵਤੀ ਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਗਊ ਚਰਵਾਹੇ ਨੇ ਇਸ ਬਾਰੇ ਬਜਰੰਗ ਦਲ ਹਿੰਦੁਸਤਾਨ ਦੇ ਮੈਂਬਰਾਂ ਨੂੰ ਸੂਚਿਤ ਕੀਤਾ।

ਇਸ ’ਤੇ ਕੁਲਦੀਪ ਸੋਨੀ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਸੀਡ ਫਾਰਮ ਪੁਲਸ ਚੌਂਕੀ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਅਤੇ ਬਜਰੰਗ ਦਲ ਦੇ ਮੈਂਬਰਾਂ ਅਤੇ ਗਊ ਪਾਲਕ ਤੋਂ ਸ਼ਿਕਾਇਤ ਪੱਤਰ ਲੈ ਕੇ ਖੇਤ ਮਾਲਕ ਦੇ ਘਰ ਛਾਪਾ ਮਾਰਿਆ ਪਰ ਉਹ ਘਰ ’ਚ ਮੌਜੂਦ ਨਹੀਂ ਸੀ।

ਗਊ ਚਰਵਾਹੇ ਨੇ ਦੱਸਿਆ ਕਿ ਇਸ ਹਾਦਸੇ ’ਚ ਉਸਦੀ ਕਰੀਬ ਡੇਢ ਲੱਖ ਰੁਪਏ ਦੀ ਗਾਂ ਦੀ ਮੌਤ ਹੋ ਗਈ। ਇਸ ’ਤੇ ਗੁੱਸਾ ਜ਼ਾਹਿਰ ਕਰਦਿਆਂ ਕੁਲਦੀਪ ਸੋਨੀ ਨੇ ਕਿਹਾ ਕਿ ਇਸ ਘਟਨਾ ਨਾਲ ਹਿੰਦੂ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਖੇਤ ’ਚ ਬਿਜਲੀ ਦੀਆਂ ਤਾਰਾਂ ਲਾਉਣ ਵਾਲੇ ਕਿਸਾਨ ਖ਼ਿਲਾਫ਼ ਗਊ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੇ ਖੇਤਾਂ ’ਚ ਬਲੇਡ ਜਾਂ ਬਿਜਲੀ ਦੀਆਂ ਤਾਰਾਂ ਲਾਈਆਂ ਹਨ।
 


author

Babita

Content Editor

Related News