ਬੇਸਹਾਰਾ ਬਜ਼ੁਰਗਾਂ ਦਾ ਸਹਾਰਾ ਬਣੀ ਪੰਜਾਬ ਸਰਕਾਰ, 15 ਬਿਰਧ ਘਰਾਂ ਲਈ ਕਰੋੜਾਂ ਦੀ ਗ੍ਰਾਂਟ ਜਾਰੀ
Sunday, Feb 09, 2025 - 06:15 PM (IST)
![ਬੇਸਹਾਰਾ ਬਜ਼ੁਰਗਾਂ ਦਾ ਸਹਾਰਾ ਬਣੀ ਪੰਜਾਬ ਸਰਕਾਰ, 15 ਬਿਰਧ ਘਰਾਂ ਲਈ ਕਰੋੜਾਂ ਦੀ ਗ੍ਰਾਂਟ ਜਾਰੀ](https://static.jagbani.com/multimedia/2025_2image_18_15_319292498281.jpg)
ਚੰਡੀਗੜ੍ਹ- ਪੰਜਾਬ ਸਰਕਾਰ ਸੂਬੇ ਦੇ ਬਜ਼ੁਰਗਾਂ ਦੀ ਸੇਵਾ ਸੰਭਾਲ ਅਤੇ ਮਾਣ-ਸਨਮਾਨ ਬਰਕਰਾਰ ਰੱਖਣ ਲਈ ਵਚਨਬੱਧ ਹੈ। ਇਸ ਤਹਿਤ, ਸੂਬਾ ਸਰਕਾਰ ਨੇ ਬੇਸਹਾਰਾ ਬਜ਼ੁਰਗਾਂ ਨੂੰ ਸੁਰੱਖਿਅਤ ਪਨਾਹ ਪ੍ਰਦਾਨ ਕਰਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਬਿਰਧ ਘਰ ਸਥਾਪਤ ਕੀਤੇ ਹਨ। ਪੰਜਾਬ ਸਰਕਾਰ ਵੱਲੋਂ ਸੂਬੇ ਦੇ 15 ਬਿਰਧ ਘਰਾਂ ਲਈ ਵਿੱਤੀ ਸਾਲ 2024-25 ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਹਨਾਂ ਬਿਰਧ ਘਰਾਂ ਵਿੱਚ ਕੋਈ ਵੀ ਬਜ਼ੁਰਗ ਰਹਿ ਸਕਦਾ ਹੈ, ਜਿੱਥੇ ਉਨ੍ਹਾਂ ਦੇ ਰਿਹਾਇਸ਼, ਕੱਪੜੇ, ਭੋਜਨ ਅਤੇ ਹੋਰ ਲੋੜੀਦੀਆਂ ਜ਼ਰੂਰਤਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਮੰਤਵ ਲਈ ਵਿਭਾਗ ਵੱਲੋਂ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਬਿਰਧ ਘਰ ਚਲਾਏ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ
ਉਨ੍ਹਾਂ ਖੁਲਾਸਾ ਕੀਤਾ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਬਿਰਧ ਘਰਾਂ ਨੂੰ ਕ੍ਰਮਵਾਰ ਅੰਮ੍ਰਿਤਸਰ ਨੂੰ 37.68 ਲੱਖ ਰੁਪਏ, ਬਠਿੰਡਾ ਨੂੰ 28.54 ਲੱਖ ਰੁਪਏ, ਫਾਜ਼ਿਲਕਾ ਨੂੰ 28.54 ਲੱਖ ਰੁਪਏ, ਲੁਧਿਆਣਾ ਨੂੰ 70.41 ਲੱਖ ਰੁਪਏ, ਮਾਲੇਰਕੋਟਲਾ 22.47 ਲੱਖ ਰੁਪਏ, ਮੋਗਾ ਨੂੰ 28.54 ਲੱਖ ਰੁਪਏ, ਪਠਾਨਕੋਟ ਨੂੰ 28.79 ਲੱਖ ਰੁਪਏ, ਪਟਿਆਲਾ 17.77 ਲੱਖ ਰੁਪਏ, ਰੋਪੜ 30.80 ਲੱਖ ਰੁਪਏ, ਸੰਗਰੂਰ 58.49 ਲੱਖ ਰੁਪਏ, ਤਰਨਤਾਰਨ ਨੂੰ 21.55 ਲੱਖ ਰੁਪਏ, ਫਰੀਦਕੋਟ ਨੂੰ 22.02 ਲੱਖ ਰੁਪਏ ਅਤੇ ਫਿਰੋਜਪੁਰ ਨੂੰ 26.37 ਲੱਖ ਰੁਪਏ ਦੀ ਗ੍ਰਾਂਟ ਜ਼ਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੈਰਿਜ਼/ਫੰਕਸ਼ਨ ’ਤੇ 'ਸ਼ਰਾਬ' ਦੀ ਵਰਤੋਂ ਨੂੰ ਲੈ ਕੇ ਆਬਕਾਰੀ ਵਿਭਾਗ ਵੱਲੋਂ ਹੁਕਮ ਜਾਰੀ
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ, ਵਿਭਾਗ ਵੱਲੋਂ ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ 75 ਬਜੁਰਗਾਂ ਦੀ ਸਮਰੱਥਾ ਵਾਲੇ ਬਿਰਧ ਘਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਇਹ ਬਿਰਧ ਘਰ 17.34 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ ਜੋ ਜਲਦ ਹੀ ਮੁਕੰਮਲ ਕੀਤੇ ਜਾਣਗੇ। ਇਹਨਾਂ ਉਸਾਰੇ ਜਾਣ ਵਾਲੇ ਬਿਰਧ ਘਰਾਂ ਵਿਚ ਬਜ਼ੁਰਗਾਂ ਲਈ ਅਨੁਕੂਲ ਮਾਹੌਲ ਸਿਰਜਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਹੋਣ ਜਾ ਰਿਹਾ ਵੱਡਾ ਬਦਲਾਅ, ਜਾਣੋ ਅਗਲੇ 5 ਦਿਨਾਂ ਦਾ ਹਾਲ
ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜੁਰਗਾਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਬਜ਼ੁਰਗ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ ਅਤੇ ਉਹਨਾਂ ਦੀ ਸਿਹਤ ਸੰਭਾਲ ਕਰਨੀ ਸਾਡੀ ਨੈਤਿਕ ਜਿੰਮੇਵਾਰੀ ਹੈ। ਬਜ਼ੁਰਗਾਂ ਨੂੰ ਸਨਮਾਨ ਦਿੰਦੇ ਹੋਏ ਉਹਨਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣਾ ਸਰਕਾਰ ਦਾ ਮੁੱਖ ਉਦੇਸ਼ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8