ਇਸ ਸਾਲ ਨਹੀਂ ਹੋਵੇਗੀ ਅਮਰਨਾਥ ਯਾਤਰਾ, ਕੋਰੋਨਾ ਦੇ ਚਲਦੇ ਪ੍ਰਸ਼ਾਸਨ ਨੇ ਲਿਆ ਫੈਸਲਾ
Wednesday, Apr 22, 2020 - 07:33 PM (IST)

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਚਲਦੇ ਅਮਰਨਾਥ ਸ਼ਾਈਨ ਬੋਰਡ ਨੇ ਇਸ ਸਾਲ ਜੂਨ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਪਹਿਲਾ ਮੌਕਾ ਹੈ, ਜਦੋ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਮਰਨਾਥ ਯਾਤਰਾ ਨੂੰ ਰੱਦ ਕਰਨਾ ਪਿਆ ਹੈ। ਜੰਮੂ 'ਚ ਰਾਜਭਵਨ 'ਚ ਬੁੱਧਵਾਰ ਨੂੰ ਹੋਈ ਇਕ ਅਹਿਮ ਬੈਠਕ 'ਚ ਉਪ ਰਾਜਪਾਲ ਗਿਰੀਸ਼ਚੰਦਰ ਮੁਰਮੂ ਨੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਸਾਲ 2000 'ਚ ਅਮਰਨਾਥ ਸ਼ਾਈਨ ਬੋਰਡ ਦਾ ਗਠਨ ਕੀਤਾ ਗਿਆ ਸੀ। ਜੰਮੂ-ਕਸ਼ਮੀਰ ਦੇ ਰਾਜਪਾਲ/ਉਪ ਰਾਜਪਾਲ ਇਸ ਦੇ ਚੇਅਰਮੈਨ ਹੁੰਦੇ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ ਅਗਸਤ 'ਚ ਕੇਂਦਰ ਸਰਕਾਰ ਨੇ ਧਾਰਾ 370 ਹਟਾਉਣ ਦੇ ਠੀਕ 3 ਦਿਨ ਪਹਿਲਾਂ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਅਮਰਨਾਥ ਯਾਤਰਾ ਰੋਕ ਦਿੱਤੀ ਸੀ। ਯਾਤਰਾ ਰੋਕੇ ਜਾਣ ਤਕ ਸਾਢੇ ਤਿੰਨ ਲੱਖ ਲੋਕ ਪਵਿੱਤਰ ਗੁਫਾ 'ਚ ਦਰਸ਼ਨ ਕਰ ਚੁੱਕੇ ਸਨ।
ਜੰਮੂ ਕਸ਼ਮੀਰ 'ਚ 407 ਪਾਜ਼ੀਟਿਵ ਮਰੀਜ਼ ਹਨ, ਜਿਸ 'ਚ 351 ਸਿਰਫ ਕਸ਼ਮੀਰ ਤੋਂ ਹਨ। ਜਿੱਥੋ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਹੈ ਉਸ ਕਸ਼ਮੀਰ ਘਾਟੀ ਦੇ 10 ਜ਼ਿਲ੍ਹੇ ਕੋਰੋਨਾ ਨਾਲ ਪ੍ਰਭਾਵਿਤ ਹਨ। ਚਾਰ ਜ਼ਿਲ੍ਹੇ ਸ਼੍ਰੀਨਗਰ, ਬਾਰਾਮੁਲਾ, ਬਾਂਡੀਪੋਰਾ ਤੇ ਕੁਪਵਾੜਾ ਨੂੰ ਹਾਟਸਪਾਟ ਐਲਾਨਿਆ ਗਿਆ ਹੈ। ਤਹਿ ਸਮੇਂ ਅਨੁਸਾਰ ਇਸ ਯਾਤਰਾ ਦੇ ਲਈ ਰਜਿਸਟਰੇਸ਼ਨ 1 ਅਪ੍ਰੈਲ ਨੂੰ ਸ਼ੁਰੂ ਹੋਣੀ ਸੀ। ਯਾਤਰਾ ਸ਼ੁਰੂ ਹੋਣ ਦੇ ਮਹੀਨਾ ਪਹਿਲਾਂ ਰੂਟ ਤੋਂ ਬਰਫ ਹਟਾਉਣ ਦਾ ਕੰਮ ਹੋ ਜਾਂਦਾ ਹੈ, ਜਦਕਿ ਇਸ ਵਾਰ ਉੱਥੇ ਹੁਣ ਵੀ ਕਈ ਫੁੱਟ ਬਰਫ ਮੌਜੂਦ ਹੈ। ਜੰਮੂ 'ਚ ਜਿਸ ਯਾਤਰੀ ਨਿਵਾਸ ਨੂੰ ਅਮਰਨਾਥ ਯਾਤਰੀਆਂ ਦਾ ਬੇਸ ਕੈਂਪ ਬਣਾਇਆ ਜਾਂਦਾ ਸੀ ਉਹ ਇਸ ਸਮੇਂ ਕੁਆਰੰਟੀਨ ਸੈਂਟਰ ਬਣਿਆ ਹੋਇਆ ਹੈ। ਜੰਮੂ ਕਸ਼ਮੀਰ ਦੇ ਬਾਰਡਰ ਨੂੰ ਸੀਲ ਕੀਤਾ ਹੋਇਆ ਹੈ ਤੇ ਜ਼ਰੂਰੀ ਸਮਾਨ ਤੋਂ ਇਲਾਵਾ ਕਿਸੇ ਵੀ ਗੱਡੀ ਦੇ ਆਉਣ 'ਤੇ ਰੋਕ ਲੱਗੀ ਹੈ।