ਵਿਸ਼ਵਭਰ ’ਚ ਸਮੁੰਦਰ ਦਾ ਪੱਧਰ ਵਧਿਆ, ਮੁੰਬਈ ਨੂੰ ਸਭ ਤੋਂ ਵੱਧ ਖ਼ਤਰਾ

Friday, Feb 17, 2023 - 12:52 PM (IST)

ਵਿਸ਼ਵਭਰ ’ਚ ਸਮੁੰਦਰ ਦਾ ਪੱਧਰ ਵਧਿਆ, ਮੁੰਬਈ ਨੂੰ ਸਭ ਤੋਂ ਵੱਧ ਖ਼ਤਰਾ

ਮੁੰਬਈ- ਸਮੁੰਦਰ ਦਾ ਵਧਦਾ ਪੱਧਰ ਭਾਰਤ ਅਤੇ ਵੱਡੀ ਤੱਟੀ ਆਬਾਦੀ ਵਾਲੇ ਹੋਰ ਦੇਸ਼ਾਂ ਲਈ ਵੱਡਾ ਖ਼ਤਰਾ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ. ਐੱਮ. ਓ.) ਦੀ ਰਿਪੋਰਟ ਦੇ ਅਨੁਸਾਰ ਮੁੰਬਈ ਉਨ੍ਹਾਂ ਸ਼ਹਿਰਾਂ ਵਿਚੋਂ ਇਕ ਹੈ, ਜੋ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਰਿਪੋਰਟ ਮੁਤਾਬਕ ਸਮੁੰਦਰ ਦਾ ਪੱਧਰ 2013 ਤੋਂ 2022 ਦਰਮਿਆਨ ਔਸਤਨ 4.5 ਮਿਲੀਮੀਟਰ ਹਰ ਸਾਲ ਵਧਿਆ। ਇਹ ਉਹ ਦਰ ਹੈ ਜੋ 1901 ਅਤੇ 1971 ਦੇ ਵਿਚਾਲੇ ਵਧੇ ਪੱਧਰ ਤੋਂ 3 ਗੁਣਾ ਵੱਧ ਹੈ। ਇਸ ਕਾਰਨ ਤੱਟਵਰਤੀ ਖੇਤਰਾਂ ਵਿਚ ਰਹਿਣ ਵਾਲੀ ਆਬਾਦੀ ਅਤੇ ਵਾਤਾਵਰਣ ਨੂੰ ਵੱਡਾ ਖਤਰਾ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਮੁੰਦਰ ਦੇ ਪੱਧਰ ਵਿਚ ਬਦਲਾਅ ਨਾਲ ਨੀਦਰਲੈਂਡ, ਬੰਗਲਾਦੇਸ਼, ਭਾਰਤ ਅਤੇ ਚੀਨ ਵਰਗੇ ਦੇਸ਼ਾਂ ਲਈ ਵੱਡਾ ਖ਼ਤਰਾ ਹੈ। ਕਈ ਵੱਡੇ ਸ਼ਹਿਰਾਂ ਨੂੰ ਖਤਰੇ ਹੈ, ਜਿਨ੍ਹਾਂ ’ਚ ਸ਼ੰਘਾਈ, ਢਾਕਾ, ਬੈਂਕਾਕ, ਜਕਾਰਤਾ, ਮੁੰਬਈ, ਮਾਪੁਟੋ, ਲਾਗੋਸ, ਕਾਹਿਰਾ, ਲੰਡਨ, ਕੋਪੇਨਹੇਗਨ, ਨਿਊਯਾਰਕ, ਲਾਸ ਏਂਜਲਸ, ਬਿਊਨਸ ਆਇਰਸ ਅਤੇ ਸੈਂਟੀਆਗੋ ਸ਼ਾਮਲ ਹਨ। ਇਹ ਇਕ ਵੱਡੀ ਆਰਥਿਕ, ਸਮਾਜਿਕ ਅਤੇ ਮਨੁੱਖੀ ਚੁਣੌਤੀ ਹੈ। 20ਵੀਂ ਸਦੀ ਦੇ ਸ਼ੁਰੂ ਤੋਂ ਹੀ ਸਮੁੰਦਰ ਦੇ ਪੱਧਰ ’ਚ ਵਾਧੇ ਦਾ ਖ਼ਤਰਾ ਵਧ ਰਿਹਾ ਹੈ। 1901 ਅਤੇ 1971 ਦੇ ਵਿਚਕਾਰ ਸਮੁੰਦਰ ਦੇ ਪੱਧਰ ਵਿੱਚ ਔਸਤ ਸਾਲਾਨਾ ਵਾਧਾ 1.3 ਮਿਲੀ ਮੀਟਰ ਸੀ ਜੋ ਕਿ 1971 ਅਤੇ 2006 ਦੇ ਵਿਚਕਾਰ ਵਧ ਕੇ 1.9 ਮਿਲੀਮੀਟਰ ਪ੍ਰਤੀ ਸਾਲ ਅਤੇ 2006 ਅਤੇ 2018 ਦੇ ਵਿਚਕਾਰ 3.7 ਮਿਲੀਮੀਟਰ ਪ੍ਰਤੀ ਸਾਲ ਹੋਇਆ।


author

Rakesh

Content Editor

Related News