ਉੱਤਰਾਖੰਡ ਭਾਜਪਾ ’ਚ ਘਮਸਾਨ, ਮੁਸ਼ਕਲ ’ਚ ਧਾਮੀ

Saturday, Jul 20, 2024 - 01:07 AM (IST)

ਉੱਤਰਾਖੰਡ ਭਾਜਪਾ ’ਚ ਘਮਸਾਨ, ਮੁਸ਼ਕਲ ’ਚ ਧਾਮੀ

ਨਵੀਂ ਦਿੱਲੀ, (ਵਿਸ਼ੇਸ਼)- ਉੱਤਰਾਖੰਡ ਭਾਜਪਾ ’ਚ ਘਮਸਾਨ ਮੱਚ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਮੁਸ਼ਕਲ ’ਚ ਹਨ। ਸੂਬੇ ਦੀਆਂ ਮੰਗਲੌਰ ਤੇ ਬਦਰੀਨਾਥ ਵਿਧਾਨ ਸਭਾ ਸੀਟਾਂ 'ਤੇ ਕੁਝ ਦਿਨ ਪਹਿਲਾਂ ਹੋਈਆਂ ਵਿਧਾਨ ਸਭਾ ਉਪ ਚੋਣਾਂ ’ਚ ਭਾਜਪਾ ਦੀ ਹਾਰ ਤੋਂ ਬਾਅਦ ਪਾਰਟੀ ਵਿਚ ਮਤਭੇਦ ਸਾਹਮਣੇ ਆਉਣ ਲੱਗੇ ਹਨ। ਕੁਮਾਉਂ ਅਤੇ ਗੜ੍ਹਵਾਲ ਵਿਚਾਲੇ ਇਕ ਵਾਰ ਫਿਰ ਤਣਾਅ ਪੈਦਾ ਹੋਣ ਲੱਗਾ ਹੈ।

ਮੁੱਖ ਮੰਤਰੀ ਧਾਮੀ ਨੂੰ ਭਾਜਪਾ ’ਚ ਡੂੰਘੀ ਫੁੱਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਹਾਲਤ ’ਚ ਸਵਾਲ ਇਹ ਵੀ ਉੱਠ ਰਹੇ ਹਨ ਕਿ ਕੀ ਧਾਮੀ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਸੂਬੇ ਦੇ ਦੂਜੇ ਮੁੱਖ ਮੰਤਰੀ ਬਣ ਸਕਣਗੇ ਜਾਂ ਨਹੀਂ? ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਉਤਰਾਖੰਡ ਦੇ ਮਾਮਲੇ ’ਚ ਹਾਈ ਕਮਾਂਡ ਨੂੰ ਜਲਦੀ ਦਖਲ ਦੇਣਾ ਚਾਹੀਦਾ ਹੈ। ਧਾਮੀ ਦਿੱਲੀ ’ਚ ਕੇਦਾਰਨਾਥ ਮੰਦਰ ਦੇ ਨੀਂਹ ਪੱਥਰ ਸਮਾਗਮ ਅਤੇ ਉੱਥੇ ਦਿੱਤੇ ਗਏ ਭਾਸ਼ਣ ਤੋਂ ਬਾਅਦ ਵਿਵਾਦਾਂ ’ਚ ਘਿਰ ਗਏ ਹਨ।

ਉੱਤਰਾਖੰਡ ਦੇ ਗਠਨ ਤੋਂ ਬਾਅਦ ਨਾਰਾਇਣ ਦੱਤ ਤਿਵਾੜੀ ਇਕੱਲੇ ਅਜਿਹੇ ਮੁੱਖ ਮੰਤਰੀ ਰਹੇ ਹਨ, ਜਿਨ੍ਹਾਂ ਨੇ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ। ਕੋਈ ਹੋਰ ਮੁੱਖ ਮੰਤਰੀ ਅਜਿਹਾ ਨਹੀਂ ਕਰ ਸਕਿਆ। ਭਾਜਪਾ ਨੂੰ ਹਮੇਸ਼ਾ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰਨਾ ਪਿਆ ਹੈ।

ਪਾਰਟੀ ’ਚ ਕੁਮਾਉਂ ਅਤੇ ਗੜ੍ਹਵਾਲ ਖੇਤਰਾਂ ’ਚ ਹਮੇਸ਼ਾ ਤਣਾਅ ਰਿਹਾ ਹੈ। ਧਾਮੀ ਕੁਮਾਉਂ ਤੋਂ ਆਉਂਦੇ ਹਨ।

70 ਵਿਧਾਨ ਸਭਾ ਸੀਟਾਂ ਵਾਲੇ ਉੱਤਰਾਖੰਡ ’ਚ 42 ਸੀਟਾਂ ਗੜ੍ਹਵਾਲ ਨਾਲ ਸਬੰਧਤ ਹਨ। ਗੜ੍ਹਵਾਲ ’ਚ ਲੋਕ ਸਭਾ ਦੀਆਂ 3 ਤੇ ਕੁਮਾਉਂ ’ਚ 2 ਸੀਟਾਂ ਹਨ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਗੜ੍ਹਵਾਲ ’ਚ ਵਿਕਾਸ ਦੇ ਮਾਮਲੇ ’ਚ ਵਿਤਕਰਾ ਹੋ ਰਿਹਾ ਹੈ।

ਦਿੱਲੀ ਨਾਲ ਨੇੜਤਾ ਕਾਰਨ ਵਿਧਾਨ ਸਭਾ ਚੋਣ ਹਾਰਨ ਦੇ ਬਾਵਜੂਦ ਧਾਮੀ ਨੂੰ ਮੁੜ ਮੁੱਖ ਮੰਤਰੀ ਬਣਾਇਆ ਗਿਆ। ਇਸ ਕਾਰਨ ਅੱਜ ਤੱਕ ਕੋਈ ਵੀ ਆਗੂ ਖੁੱਲ੍ਹ ਕੇ ਬੋਲ ਨਹੀਂ ਸਕਿਆ ਪਰ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੇ ਉਪ ਚੋਣਾਂ ’ਚ ਮਿਲੀ ਹਾਰ ਪਿੱਛੋਂ ਬਦਲੇ ਹਾਲਾਤ ’ਚ ਆਗੂਆਂ ਦੀ ਨਾਰਾਜ਼ਗੀ ਸਾਹਮਣੇ ਆਉਣ ਲੱਗੀ ਹੈ। ਧਾਮੀ ਤੋਂ ਪਹਿਲਾਂ ਤ੍ਰਿਵੇਂਦਰ ਸਿੰਘ ਰਾਵਤ ਤੇ ਤੀਰਥ ਸਿੰਘ ਰਾਵਤ ਮੁੱਖ ਮੰਤਰੀ ਰਹਿ ਚੁੱਕੇ ਹਨ।

ਸੀ. ਐੱਮ. ਤੇ ਸੂਬਾਈ ਪ੍ਰਧਾਨ ਨੂੰ ਦਿੱਲੀ ਕੀਤਾ ਜਾ ਸਕਦਾ ਹੈ ਤਲਬ

ਪੁਸ਼ਕਰ ਸਿੰਘ ਧਾਮੀ ਨੂੰ ਲੈ ਕੇ ਉੱਤਰਾਖੰਡ ਭਾਜਪਾ ’ਚ ਅੰਦਰੂਨੀ ਘਮਸਾਨ ਤੇਜ਼ ਹੋ ਗਿਆ ਹੈ। ਧਾਮੀ ਤੇ ਸੂਬਾ ਪ੍ਰਧਾਨ ਮਹਿੰਦਰ ਭੱਟ ਵਿਚਾਲੇ ਤਾਲਮੇਲ ਦੀ ਘਾਟ ਤੇ ਖਿੱਚੋਤਾਣ ਨੂੰ ਇਸ ਝਟਕੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਹਾਈ ਕਮਾਂਡ ਛੇਤੀ ਹੀ ਸੀ. ਐੱਮ. ਸਮੇਤ ਸੂਬਾਈ ਆਗੂਆਂ ਨੂੰ ਦਿੱਲੀ ਤਲਬ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰਿਪੋਰਟ ਮੰਗ ਸਕਦੇ ਹਨ।

ਧਾਮੀ ਪਹਿਲੀ ਪ੍ਰੀਖਿਆ ਪਾਸ ਨਹੀਂ ਕਰ ਸਕੇ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਵਲੋਂ ਖੇਤਰੀ ਮੁੱਦਿਆਂ ਨਾਲ ਨਜਿੱਠਣ ਦੇ ਤਰੀਕੇ ਦੀ ਵੀ ਆਲੋਚਨਾ ਹੋ ਰਹੀ ਹੈ। ਉਪ ਚੋਣਾਂ ਧਾਮੀ ਦੀ ਪਹਿਲੀ ਵੱਡੀ ਪ੍ਰੀਖਿਆ ਸਨ। ਭਾਜਪਾ ਮੰਗਲੌਰ ਸੀਟ ਹਾਰ ਗਈ, ਜਿੱਥੇ ਕਾਫ਼ੀ ਮੁਸਲਿਮ ਆਬਾਦੀ ਹੈ ਪਰ ਬਦਰੀਨਾਥ ’ਚ ਹਾਰ ਨੇ ਵੱਡਾ ਸੰਦੇਸ਼ ਦਿੱਤਾ ਹੈ। ਧਾਮੀ ਅਤੇ ਭੱਟ ਨੂੰ ਆਪਣੀ ਕਾਮਯਾਬੀ ਦਾ ਭਰੋਸਾ ਸੀ ਪਰ ਕਾਂਗਰਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।


author

Rakesh

Content Editor

Related News