ਹੀਰਿਆਂ ਦੇ ਮਾਸਕ ਦਾ ਵਧ ਰਿਹਾ ਹੈ ਕ੍ਰੇਜ਼, ਲੱਖਾਂ ਦੀ ਕੀਮਤ ਦੇ ਕੇ ਖਰੀਦ ਰਹੇ ਲੋਕ
Saturday, Jul 11, 2020 - 04:44 PM (IST)
ਨਵੀਂ ਦਿੱਲੀ — ਕਿਸੇ ਨੇ ਸ਼ਾਇਦ ਸੋਚਿਆ ਵੀ ਨਹੀਂ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਸਿਰਫ ਪ੍ਰਦੂਸ਼ਣ ਤੋਂ ਬਚਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਮਾਸਕ ਹੁਣ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਜਾਣਗੇ। ਇਸ ਤੋਂ ਪਹਿਲਾਂ ਸਿਰਫ਼ ਕੁਝ ਲੋਕ ਹੀ ਮਾਸਕ ਪਾਉਣ ਵਾਲੇ ਦਿਖਾਈ ਦਿੰਦੇ ਸਨ ਪਰ ਹੁਣ ਮਾਸਕ ਹਰ ਕਿਸੇ ਲਈ ਜ਼ਰੂਰੀ ਹੋ ਗਿਆ ਹੈ। ਇਸ ਲਈ ਇਸ 'ਤੇ ਤਜਰਬੇ ਵੀ ਕੀਤੇ ਜਾ ਰਹੇ ਹਨ। ਸੂਰਤ ਦੇ ਇਕ ਕਾਰੋਬਾਰੀ ਨੇ ਹੀਰੇ ਨਾਲ ਬਣੇ ਮਾਸਕ ਬਣਾਏ ਹਨ। ਆਓ ਦੇਖਦੇ ਹਨ ਦੁਨੀਆ ਦੇ ਇਨ੍ਹਾਂ ਮਹਿੰਗੇ ਮਾਸਕ ਦੀਆਂ ਤਸਵੀਰਾਂ।
ਹੀਰਿਆਂ ਨਾਲ ਬਣੇ ਐਨ-95 ਮਾਸਕ
ਹੀਰੇ ਦੇ ਕਾਰੋਬਾਰ ਲਈ ਮਸ਼ਹੂਰ ਸੂਰਤ ਵਿਚ ਐਨ-95 ਪ੍ਰਮਾਣੀਕਰਣ ਅਤੇ 3-ਸਟੇਜ ਪ੍ਰੋਟੈਕਸ਼ਨ ਮਾਸਕ ਦਾ ਕ੍ਰੇਜ਼ ਵਧ ਰਿਹਾ ਹੈ, ਜਿਸ ਵਿਚ ਹੀਰੇ ਜੜੇ ਹੋਏ ਹਨ। ਜੌਹਰੀਆਂ ਮੁਤਾਬਕ ਅਸਲ ਅਤੇ ਸਿੰਥੈਟਿਕ ਦੋਵੇਂ ਤਰ੍ਹਾਂ ਦੇ ਹੀਰੇ ਮਾਸਕ 'ਤੇ ਲੱਗ ਕੇ ਆ ਰਹੇ ਹਨ। ਵੱਖ-ਵੱਖ ਡਿਜ਼ਾਈਨ ਦੇ ਨਾਲ ਇਨ੍ਹਾਂ ਹੀਰੇ ਦੇ ਮਾਸਕ ਦਾ ਕ੍ਰੇਜ਼ ਵਧਦਾ ਜਾ ਰਿਹਾ ਹੈ।
ਗਾਹਕਾਂ ਦੀ ਮੰਗ 'ਤੇ ਕੁਝ ਵੱਖਰੇ ਤਰੀਕਿਆਂ ਨਾਲ ਤਿਆਰ ਹੋ ਰਹੇ ਹਨ ਮਾਸਕ
ਹੀਰਾ-ਸੋਨੇ ਦੇ ਕਾਰੋਬਾਰੀ ਨੇ ਦੱਸਿਆ ਕਿ ਇਹ ਵਿਚਾਰ ਉਦੋਂ ਆਇਆ ਜਦੋਂ ਗਾਹਕਾਂ ਨੇ ਵਿਆਹ-ਸ਼ਾਦੀਆਂ ਲਈ ਕੁਝ ਵਿਲੱਖਣ ਅਤੇ ਵੱਖਰੇ ਕਿਸਮ ਦੇ ਮਾਸਕ ਦੀ ਮੰਗ ਕੀਤੀ। ਅਸੀਂ ਲਾੜੇ ਅਤੇ ਲਾੜੀ ਲਈ ਇਕ ਹੀਰਿਆਂ ਨਾਲ ਬੁਣਿਆ ਮਾਸਕ ਤਿਆਰ ਕੀਤਾ ਸੀ।
ਕੀਮਤ ਡੇਢ ਤੋਂ ਲੈ ਕੇ 4 ਲੱਖ ਤੱਕ
ਉਨ੍ਹਾਂ ਨੇ ਦੱਸਿਆ ਕਿ ਮਾਸਕ 'ਤੇ ਪਹਿਲਾਂ ਪਤਲਾ ਗੋਲਡ ਕਾਸਕੇਟ ਫਿੱਟ ਕੀਤਾ ਜਾਂਦਾ ਹੈ ਅਤੇ ਫਿਰ ਉਸ ਵਿਚ ਹੀਰੇ ਜੜ੍ਹੇ ਜਾਂਦੇ ਹਨ। ਸਿੰਥੈਟਿਕ ਡਾਇਮੰਡ ਮਾਸਕ ਦੀ ਰੇਂਜ ਇਕ ਤੋਂ ਡੇਢ ਲੱਖ ਰੁਪਏ ਤੱਕ ਹੁੰਦੀ ਹੈ ਜਦੋਂ ਕਿ ਅਸਲ ਹੀਰੇ ਦੇ ਮਾਸਕ ਦੀ ਰੇਂਜ ਤਕਰੀਬਨ ਚਾਰ ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਵਿਸ਼ਵ ਭਰ 'ਚ ਇਸ ਮੁਸ਼ਕਲ ਘੜੀ 'ਚ ਵੀ ਹੋ ਰਹੇ ਹਨ ਤਜਰਬੇ
ਗ੍ਰਾਹਕ ਦੇ ਬਜਟ ਮੁਤਾਬਕ ਮਾਸਕ 'ਤੇ 150 ਤੋਂ ਲੈ ਕੇ 400 ਤੱਕ ਹੀਰੇ ਜੜੇ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਅਤੇ ਸੋਨੇ ਦੀ ਵੱਧਦੀ ਕੀਮਤ ਵਿਚਕਾਰ ਗਹਿਣਿਆਂ ਦੇ ਕਾਰੋਬਾਰ ਵਿਚ ਘੱਟੋ-ਘੱਟ 20% ਦੀ ਗਿਰਾਵਟ ਆਈ ਹੈ।