ਟਾਵਰ ''ਤੇ ਚੜ੍ਹਿਆ ਨੌਜਵਾਨ, ਬੋਲਿਆ- ''ਪਦਮਾਵੱਤ'' ਹੋਈ ਰਿਲੀਜ਼ ਤਾਂ ਕਰ ਲਵਾਂਗਾ ਖੁਦਕੁਸ਼ੀ

01/22/2018 5:46:00 PM

ਭੀਲਵਾੜਾ— ਰਾਜਸਥਾਨ ਦੇ ਭੀਲਵਾੜਾ 'ਚ ਫਿਲਮ 'ਪਦਮਾਵੱਤ' ਦਾ ਵਿਰੋਧ ਕਰ ਰਹੀ ਕਰਨੀ ਸੈਨਾ ਦਾ ਇਕ ਵਰਕਰ ਉਪੇਂਦਰ ਸਿੰਘ ਸੋਮਵਾਰ ਨੂੰ ਸਵਾ 100 ਫੁੱਟ ਉੱਚੇ ਭਾਰਤ ਸੰਚਾਰ ਨਿਗਮ ਦੇ ਟਾਵਰ 'ਤੇ ਚੜ੍ਹ ਗਿਆ ਅਤੇ ਸ਼ਾਮ ਤੱਕ ਫਿਲਮ ਨੂੰ ਦੇਸ਼ ਭਰ 'ਚ ਬੈਨ ਨਾ ਹੋਣ 'ਤੇ ਟਾਵਰ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗਾ। ਸੁਰੱਖਿਆ ਕਰਮਚਾਰੀਆਂ ਦੀ ਗੈਰ-ਹਾਜ਼ਰੀ 'ਚ ਸਵੇਰੇ 5 ਵਜੇ ਉਪੇਂਦਰ ਸਿੰਘ ਟਾਵਰ 'ਤੇ ਚੜ੍ਹ ਗਿਆ, ਜਿਸ ਦੀ ਜਾਣਕਾਰੀ 7 ਵਜੇ ਪੁਲਸ ਨੂੰ ਮਿਲੀ।
ਸ਼ਹਿਰ ਪੁਲਸ ਕਮਿਸ਼ਨਰ ਰਾਜੇਸ਼ ਮੀਨਾ ਅਤੇ ਭੀਮਗੰਜ ਥਾਣਾ ਅਧਿਕਾਰੀ ਰਾਕੇਸ਼ ਵਰਮਾ ਭਾਰਤ ਸੰਚਾਰ ਨਿਗਮ ਦੇ ਮੁੱਖ ਕੈਂਪਸ 'ਚ ਪੁੱਜੇ ਅਤੇ ਮੋਬਾਇਲ 'ਤੇ ਗੱਲਬਾਤ ਰਾਹੀਂ ਨੌਜਵਾਨ ਨੂੰ ਹੇਠਾਂ ਉਤਰਨ ਲਈ ਕਿਹਾ। ਇਸ ਦੌਰਾਨ ਕਰਨੀ ਸੈਨਾ ਦੇ ਜ਼ਿਲਾ ਅਹੁਦਾ ਅਧਿਕਾਰੀ ਨੇ ਉੱਥੇ ਪੁੱਜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਦੋਸ਼ੀ ਆਪਣੇ ਨਾਲ ਖਾਣ-ਪੀਣ ਦਾ ਸਾਮਾਨ ਅਤੇ ਪੈਟਰੋਲ ਵੀ ਲੈ ਕੇ ਟਾਵਰ 'ਤੇ ਗਿਆ ਹੈ। ਪੁਲਸ ਟਾਵਰ ਦੇ ਚਾਰੇ ਪਾਸੇ ਘੇਰਾ ਪਾ ਕੇ ਬੈਠੀ ਹੈ।
ਜ਼ਿਕਰਯੋਗ ਹੈ ਕਿ ਫਿਲਮ 'ਪਦਮਾਵੱਤ' ਰਿਲੀਜ਼ ਨੂੰ ਸੁਪਰੀਮ ਕੋਰਟ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਵੀ ਰਾਜਪੂਤ ਸਮਾਜ ਦਾ ਵਿਰੋਧ ਜਾਰੀ ਹੈ। ਰਾਜਸਥਾਨ ਦੇ ਚਿਤੌੜਗੜ੍ਹ 'ਚ ਐਤਵਾਰ ਨੂੰ ਰਾਜਪੂਤ ਔਰਤਾਂ ਨੇ ਰੈਲੀ ਕੱਢ ਕੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਫਿਲਮ 'ਤੇ ਬੈਨ ਨਾ ਲੱਗਣ 'ਤੇ ਇੱਛਾ ਮੌਤ ਦੀ ਮੰਗ ਕੀਤੀ। ਰਾਜਪੂਤ ਔਰਤਾਂ ਨੇ ਸਿਨੇਮਾਘਰਾਂ 'ਚ ਕਰਮਚਾਰੀਆਂ ਨੂੰ ਰੱਖੜੀ ਬੰਨ੍ਹੀ ਅਤੇ ਫਿਲਮ ਨੂੰ ਪ੍ਰਦਰਸ਼ਿਤ ਨਾ ਕਰਨ ਦਾ ਸੰਕਲਪ ਵੀ ਲਿਆ।


Related News