ਮਾਂ-ਧੀ ਨੂੰ ਬੰਧਕ ਬਣਾ ਕੇ 1 ਕਰੋੜ ਦਾ ਸੋਨਾ ਅਤੇ 10 ਲੱਖ ਰੁਪਏ ਲੁੱਟੇ
Saturday, Feb 12, 2022 - 12:37 PM (IST)
ਜੈਪੁਰ– ਰਾਜਸਥਾਨ ਦੇ ਜੈਪੁਰ ’ਚ ਮਾਂ-ਧੀ ਨੂੰ ਬੰਧਕ ਬਣਾ ਕੇ 1 ਕਰੋੜ ਦਾ ਸੋਨਾ ਅਤੇ 10 ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਵੀਰਵਾਰ ਨੂੰ ਸਾਬਕਾ ਕੌਂਸਲਰ ਰਾਮਧਨ ਸੈਨੀ ਦੇ ਘਰ ’ਚ ਹੋਈ।
ਸਾਂਗਾਨੇਰ ਦੇ ਗੁਲਾਬ ਵਿਹਾਰ ਕਲੋਨੀ ਨਿਵਾਸੀ ਪੀੜਤਾ ਸ਼ਿਲਪਾ ਨੇ ਦੱਸਿਆ ਕਿ ਵਾਰਦਾਤ ਤੋਂ ਇਕ ਦਿਨ ਪਹਿਲਾਂ 2 ਬਦਮਾਸ਼ ਕਿਰਾਏ ਦਾ ਮਕਾਨ ਲੱਭਣ ਦੇ ਬਹਾਨੇ ਰੇਕੀ ਕਰਨ ਆਏ ਸਨ। ਕਮਰਾ ਨਾ ਹੋਣ ਦੀ ਗੱਲ ਕਹੀ ਤਾਂ ਵਾਪਸ ਚਲੇ ਗਏ। ਵੀਰਵਾਰ ਨੂੰ ਦੋਵੇਂ ਬਦਮਾਸ਼ ਆਪਣੇ ਇਕ ਸਾਥੀ ਨਾਲ ਦੁਬਾਰਾ ਆਏ। ਬਦਮਾਸ਼ਾਂ ਦੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਸ਼ਿਲਪਾ ਦੇ ਸਹੁਰਾ ਸਾਬਕਾ ਕੌਂਸਲਰ ਰਾਮਧਨ ਸੈਨੀ ਕਿਸੇ ਕੰਮ ਲਈ ਬਾਹਰ ਚਲੇ ਗਏ ਸਨ।
ਬਦਮਾਸ਼ਾਂ ਨੇ ਪਿਸਤੌਲ ਦੇ ਬਲ ’ਤੇ ਔਰਤ ਅਤੇ ਉਸ ਦੀ ਧੀ ਨੂੰ ਬੰਧਕ ਬਣਾ ਲਿਆ। ਬਦਮਾਸ਼ ਘਰ ’ਚੋਂ ਲਗਭਗ 10 ਲੱਖ ਰੁਪਏ ਦੀ ਨਕਦੀ ਅਤੇ 2 ਕਿੱਲੋ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ। ਗਹਿਣਿਆਂ ’ਚ ਰਾਣੀ ਹਾਰ, ਜੋਧਾ ਹਾਰ, ਕਨਕਤੀ ਸਮੇਤ ਹੋਰ ਸਮਾਨ ਸੀ। ਜਾਂਦੇ ਹੋਏ ਬਦਮਾਸ਼ ਸ਼ਿਲਪਾ ਦੇ ਗਲੇ ਤੋਂ ਵੀ ਸੋਨੇ ਦੀ ਚੈਨ ਤੋੜ ਕੇ ਲੈ ਗਏ। ਸ਼ਾਮ 4 ਵਜੇ ਜਦੋਂ ਦਿਓਰ ਸਚਿਨ ਘਰ ਆਇਆ ਤਾਂ ਬੱਚੀ ਦੇ ਰੌਣ ਦੀ ਆਵਾਜ਼ ਸੁਣੀ। ਬਹੁਤ ਦੇਰ ਤੱਕ ਜਦੋਂ ਉਹ ਚੁੱਪ ਨਹੀਂ ਹੋਈ ਤਾਂ ਉਸ ਨੇ ਕਮਰੇ ’ਚ ਜਾ ਕੇ ਦੇਖਿਆ ਤਾਂ ਭਰਜਾਈ ਸ਼ਿਲਪਾ ਦੇ ਹੱਥ ਬੰਨ੍ਹੇ ਸਨ ਅਤੇ ਮੂੰਹ ’ਤੇ ਟੇਪ ਲੱਗੀ ਸੀ। ਵਿਅਕਤੀ ਨੇ ਦੱਸਿਆ ਕਿ 2 ਮਹੀਨੇ ਦੀ ਭਤੀਜੀ ਦਾ ਚਿਹਰਾ ਵੀ ਲਾਲ ਸੀ ਅਤੇ ਉਸ ਨਾਲ ਵੀ ਕੁੱਟਮਾਰ ਕੀਤੀ ਗਈ ਸੀ।
ਮਾਂ-ਬੇਟੀ ਘਰ ’ਚ ਇੱਕਲੇ ਸਨ
ਰਾਮਧਨ ਸੈਨੀ ਦੀ ਪਤਨੀ ਅਨਿਤਾ ਵੀ ਕੌਂਸਲਰ ਰਹਿ ਚੁੱਕੀ ਹੈ। ਘਟਨਾ ਦੇ ਸਮੇਂ ਸ਼ਿਲਪਾ ਅਤੇ ਦੋ ਮਹੀਨੇ ਦੀ ਬੱਚੀ ਇੱਕਲੇ ਸਨ। ਰਾਮਧਨ ਘਰ ਤੋਂ ਕਿਤੇ ਬਾਹਰ ਸੀ। ਪਤਨੀ ਅਨਿਤਾ ਪੇਕੇ ਗਈ ਸੀ। ਵੱਡਾ ਬੇਟਾ ਨਵੀਨ ਫੈਕਟਰੀ ’ਚ ਸੀ ਅਤੇ ਛੋਟਾ ਬੇਟਾ ਸਚਿਨ ਕਿਸੇ ਕੰਮ ਕਾਰਨ ਘਰ ਤੋਂ ਬਾਹਰ ਗਿਆ ਸੀ।
ਤਿੰਨ ਦਿਨ ’ਚ ਦੂਜੀ ਵੱਡੀ ਵਾਰਦਾਤ
ਦੋ ਦਿਨ ਪਹਿਲਾਂ ਬੈਂਕ ’ਚ ਹੋਈ ਲੁੱਟ ਦੀ ਵਾਰਦਾਤ ਦੇ ਬਾਅਦ ਇਹ ਦੂਜੀ ਘਟਨਾ ਹੈ। ਪੁਲਸ ਅਧਿਕਾਰੀ ਰਾਮਨਿਵਾਸ ਵਿਸ਼ਨੋਈ ਨੇ ਦੱਸਿਆ ਕਿ ਬਦਮਾਸ਼ ਘਰ ਤੋਂ ਨਕਦੀ ਅਤੇ ਸੋਨਾ ਲੁੱਟ ਕੇ ਫਰਾਰ ਹੋ ਗਏ ਹਨ। ਪੁਲਸ ਹੁਣ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ ’ਤੇ ਬਦਮਾਸ਼ਾਂ ਦੀ ਤਲਾਸ਼ ਕਰ ਰਹੀ ਹੈ।