3 ਸਾਲਾ ਬੱਚੀ ਨੂੰ ਬਣਾਇਆ ਸ਼ਿਕਾਰ, ਮਾਸੂਮ ਦੇ ਦੋਵੇਂ ਹੱਥ ਖਾ ਗਿਆ ਆਦਮਖੋਰ ਬਘਿਆੜ
Monday, Sep 02, 2024 - 03:38 PM (IST)
ਬਹਿਰਾਇਚ (ਵਾਰਤਾ)- ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲ੍ਹੇ ਵਿਚ ਐਤਵਾਰ ਰਾਤ ਨੂੰ ਇਕ ਆਦਮਖੋਰ ਬਘਿਆੜ ਨੇ ਇਕ ਤਿੰਨ ਸਾਲਾ ਮਾਸੂਮ ਨੂੰ ਆਪਣਾ ਸ਼ਿਕਾਰ ਬਣਾ ਲਿਆ, ਜਦੋਂ ਕਿ ਇਕ ਬਜ਼ੁਰਗ ਔਰਤ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਦਾ ਮੈਡੀਕਲ ਕਾਲਜ ਬਹਿਰਾਇਚ 'ਚ ਇਲਾਜ ਚੱਲ ਰਿਹਾ ਹੈ। ਮਹਸੀ ਦੇ ਪਿੰਡ ਨਉਵਨ ਗਰੇਠੀ 'ਚ ਆਪਣੀ ਮਾਂ ਨਾਲ ਸੁੱਤੀ ਹੋਈ ਤਿੰਨ ਸਾਲਾ ਮਾਸੂਮ ਅੰਜਲੀ ਨੂੰ ਰਾਤ ਸਾਢੇ 3 ਵਜੇ ਆਦਮਖੋਰ ਬਘਿਆੜ ਘਰ 'ਚ ਦਾਖ਼ਲ ਹੋ ਕੇ ਚੁੱਕ ਕੇ ਲੈ ਗਿਆ। ਮਾਸੂਮ ਬੱਚੀ ਦੀਆਂ ਚੀਕਾਂ ਸੁਣ ਕੇ ਉੱਠੇ ਪਰਿਵਾਰਕ ਮੈਂਬਰਾਂ ਨੇ ਬਘਿਆੜ ਨੂੰ ਘੇਰ ਲਿਆ ਪਰ ਆਦਮਖੋਰ ਚਕਮਾ ਦੇ ਕੇ ਬੱਚੀ ਨੂੰ ਲੈ ਕੇ ਖੇਤਾਂ 'ਚ ਗਾਇਬ ਹੋ ਗਿਆ। ਕਾਫੀ ਭਾਲ ਤੋਂ ਬਾਅਦ ਬੱਚੀ ਦੀ ਲਾਸ਼ ਮਿਲੀ ਜਿਸ ਦੇ ਦੋਵੇਂ ਹੱਥ ਬਘਿਆੜ ਨੇ ਖਾ ਲਏ ਸਨ।
ਇਕ ਹੋਰ ਘਟਨਾ 'ਚ ਮਹਸੀ ਦੇ ਹਰਦੀ ਇਲਾਕੇ 'ਚ ਸਥਿਤ ਬਾਰਾ ਕੋਟੀਆ ਪਿੰਡ 'ਚ ਬੀਤੀ ਰਾਤ ਘਰ ਦੇ ਵਰਾਂਠੇ 'ਚ ਲੇਟੀ ਬਜ਼ੁਰਗ ਔਰਤ ਅਚਲਾ (50) 'ਤੇ ਬਘਿਆੜ ਨੇ ਹਮਲਾ ਕਰ ਦਿੱਤਾ, ਪਰਿਵਾਰ ਵਾਲਿਆਂ ਦੇ ਰੌਲਾ ਪਾਉਣ 'ਤੇ ਬਘਿਆੜ ਉਨ੍ਹਾਂ ਨੂੰ ਛੱਡ ਕੇ ਦੌੜ ਗਿਆ, ਜਿਸ ਨਾਲ ਉਸ ਦੀ ਜਾਨ ਬਚ ਗਈ। ਜ਼ਖ਼ਮੀ ਔਰਤ ਨੂੰ ਪਰਿਵਾਰ ਵਾਲਿਆਂ ਨੇ ਮੈਡੀਕਲ ਕਾਲਜ ਬਹਿਰਾਈਚ 'ਚ ਦਾਖ਼ਲ ਕਰਵਾਇਆ ਹੈ। ਬਘਿਆੜ ਦੇ ਹਮਲੇ 'ਚ ਮ੍ਰਿਤਕ ਮਾਸੂਮ ਬੱਚੀ ਦੇ ਘਰ ਪਹੁੰਚੀ ਜ਼ਿਲ੍ਹਾ ਅਧਿਕਾਰੀ ਮੋਨਿਕਾ ਰਾਣੀ ਅਤੇ ਪੁਲਸ ਵਰਿੰਦਾ ਸ਼ੁਕਲਾ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਉਨ੍ਹਾਂ ਨੂੰ ਦਿਲਾਸਾ ਦਿੰਦੇ ਹੋਏ ਘਟਨਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਦੱਸਣਯੋਗ ਹੈ ਕਿ ਬਹਿਰਾਈਚ ਦੇ ਮਹਸੀ ਤਹਿਸੀਲ ਖੇਤਰ 'ਚ ਮਾਰਚ ਮਹੀਨੇ ਤੋਂ ਇਨਸਾਨਾਂ 'ਤੇ ਬਘਿਆੜ ਦੇ ਹਮਲੇ ਹੋ ਰਹੇ ਹਨ। ਮੀਂਹ ਦੇ ਮੌਸਮ 'ਚ 17 ਜੁਲਾਈ ਤੋਂ ਹਮਲੇ ਵਧੇ ਅਤੇ ਹਮਲਿਆਂ 'ਚ 7 ਬੱਚਿਆਂ ਸਣੇ 8 ਲੋਕਾਂ ਦੀ ਮੌਤ ਹੋ ਗਈ ਅਤੇ 30 ਤੋਂ ਵੱਧ ਲੋਕ ਹਮਲਿਆਂ 'ਚ ਜ਼ਖ਼ਮੀ ਹੋਏ ਹਨ। ਖੇਤਰ 'ਚ ਵੱਖ-ਵੱਖ ਵਿਭਾਗਾਂ, ਐੱਨ.ਜੀ.ਓ. ਅਤੇ ਪਿੰਡ ਵਾਸੀਆਂ ਦੀਆਂ 100 ਦੇ ਕਰੀਬ ਟੋਲੀਆਂ ਰਾਤ ਭਰ ਜਾਗ ਕੇ ਗਸ਼ਤ ਕਰਦੀਆਂ ਹਨ। ਪੀ.ਏ.ਸੀ. ਦੇ 200 ਜਵਾਨ, ਪੁਲਸ ਅਤੇ ਜੰਗਲਾਤ ਵਿਭਾਗ ਦੇ ਕਈ ਜਵਾਨ ਬਘਿਆੜ ਫੜਨ ਅਤੇ ਪਿੰਡ ਵਾਸੀਆਂ ਦੀ ਸੁਰੱਖਿਆ 'ਚ ਲੱਗੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8