ਸੁਪਰੀਮ ਕੋਰਟ ਨੇ ਕੱਲ੍ਹ ਤਾਨਾਸ਼ਾਹੀ ਨੂੰ ਕੁਚਲਿਆ : ਮਨੀਸ਼ ਸਿਸੋਦੀਆ

Saturday, Aug 10, 2024 - 03:07 PM (IST)

ਸੁਪਰੀਮ ਕੋਰਟ ਨੇ ਕੱਲ੍ਹ ਤਾਨਾਸ਼ਾਹੀ ਨੂੰ ਕੁਚਲਿਆ : ਮਨੀਸ਼ ਸਿਸੋਦੀਆ

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਪਾਰਟੀ ਦੇ ਕਰਮਚਾਰੀਆਂ ਅਤੇ ਲੋਕਾਂ ਨੂੰ ਦੇਸ਼ 'ਚ ਤਾਨਾਸ਼ਾਹੀ ਖ਼ਿਲਾਫ਼ ਲੜਨ ਦੀ ਅਪੀਲ ਕੀਤੀ। ਦਿੱਲੀ ਅਬਕਾਰੀ ਨੀਤੀ ਮਾਮਲੇ 'ਚ ਸਿਸੋਦੀਆ ਨੂੰ ਕੱਲ੍ਹ ਯਾਨੀ ਸ਼ੁੱਕਰਵਾਰ ਨੂੰ ਹੀ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਹੈ। ਸਿਸੋਦੀਆ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਲੋਕ ਸੰਵਿਧਾਨ ਤੋਂ ਵੱਧ ਸ਼ਕਤੀਸ਼ਾਲੀ ਨਹੀਂ ਹਨ। ਸਿਸੋਦੀਆ ਨੇ ਇੱਥੇ ਪਾਰਟੀ ਦਫ਼ਤਰ 'ਚ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਇਸ 'ਤਾਨਾਸ਼ਾਹੀ' ਖ਼ਿਲਾਫ਼ ਲੜਨਾ ਪਵੇਗਾ ਜੋ ਨਾ ਸਿਰਫ਼ ਨੇਤਾਵਾਂ ਨੂੰ ਜੇਲ੍ਹ ਭੇਜ ਰਹੀ ਹੈ ਸਗੋਂ ਨਾਗਰਿਕਾਂ ਨੂੰ ਵੀ ਪਰੇਸ਼ਾਨ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਨੇ ਦਾਅਵਾ ਕੀਤਾ ਕਿ ਜਦੋਂ ਉਹ ਜੇਲ੍ਹ 'ਚ ਸਨ ਤਾਂ ਉਨ੍ਹਾਂ ਨੂੰ ਜ਼ਮਾਨਤ ਮਿਲਣ ਦੀ ਚਿੰਤਾ ਨਹੀਂ ਸੀ ਪਰ ਉਨ੍ਹਾਂ ਨੂੰ ਇਹ ਦੇਖ ਕੇ ਦੁਖ ਹੋਇਆ ਕਿ ਵਪਾਰੀਆਂ ਨੂੰ 'ਝੂਠੇ ਮਾਮਲਿਆਂ 'ਚ ਸਲਾਖਾਂ ਪਿੱਛੇ ਸੁੱਟਿਆ ਗਿਆ ਹੈ, ਉਹ ਵੀ ਸਿਰਫ਼ ਇਸ ਲਈ ਕਿ ਉਨ੍ਹਾਂ ਨੇ ਭਾਜਪਾ ਨੂੰ ਚੰਦਾ ਨਹੀਂ ਦਿੱਤਾ।'' 

ਆਪਣੇ ਸੰਬੋਧਨ 'ਚ ਸਿਸੋਦੀਆ ਨੇ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਦੇਸ਼ 'ਚ ਈਮਾਨਦਾਰੀ ਦਾ ਪ੍ਰਤੀਕ ਦੱਸਿਆ। ਕੇਜਰੀਵਾਲ ਵੀ ਇਸੇ ਮਾਮਲੇ 'ਚ ਤਿਹਾੜ ਜੇਲ੍ਹ 'ਚ ਬੰਦ ਹਨ। ਸਿਸੋਦੀਆ ਨੇ ਕਿਹਾ ਕਿ ਕੇਜਰੀਵਾਲ ਦੇ ਕੰਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ਾਂ ਰਚੀ ਜਾ ਰਹੀਆਂ ਹਨ ਅਤੇ ਜੇਕਰ ਵਿਰੋਧੀ ਪਾਰਟੀ ਦੇ ਨੇਤਾ ਇਸ ਤਾਨਾਸ਼ਾਹੀ ਖ਼ਿਲਾਫ਼ ਇਕੱਠੇ ਹੋ ਜਾਣ ਤਾਂ ਕੇਜਰੀਵਾਲ 24 ਘੰਟਿਆਂ ਅੰਦਰ ਜੇਲ੍ਹ ਤੋਂ ਬਾਹਰ ਆ ਜਾਣਗੇ। ਸਿਸੋਦੀਆ ਨੇ ਜ਼ਮਾਨਤ ਦੇ ਫੈਸਲੇ 'ਤੇ ਕਿਹਾ ਕਿ ਕੱਲ੍ਹ ਸੁਪਰੀਮ ਕੋਰਟ ਨੇ ਸੰਵਿਧਾਨ ਦੀ ਤਾਕਤ ਦੀ ਵਰਤੋਂ ਕਰਕੇ ਤਾਨਾਸ਼ਾਹੀ ਨੂੰ ਦਬਾ ਦਿੱਤਾ। ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ 7-8 ਮਹੀਨਿਆਂ 'ਚ ਨਿਆਂ ਮਿਲ ਜਾਏਗਾ ਪਰ ਇਸ 'ਚ 17 ਮਹੀਨੇ ਲੱਗ ਗਏ, ਆਖ਼ਿਰਕਾਰ ਸੱਚਾਈ ਦੀ ਜਿੱਤ ਹੋਈ। ਵਿਨੇਸ਼ ਫੋਗਟ ਦੇ ਮਾਮਲੇ 'ਤੇ ਮਹਿਲਾ ਪਹਿਲਵਾਨ ਦਾ ਨਾਮ ਲਏ ਬਿਨਾਂ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੇ ਇਸ ਦੇ ਨੇਤਾ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਲੋਕਾਂ ਨੇ ਦੇਖਿਆ ਕਿ ਓਲੰਪਿਕ 'ਚ ਕੀ ਹੋਇਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News