''ਘਰ ਸਾਂਭਣ ਵਾਲੀ HouseWife ਨੂੰ ਵਿਹਲਾ ਕਹਿਣਾ ਗ਼ਲਤ...'', ਦਿੱਲੀ ਹਾਈ ਕੋਰਟ ਨੇ ਇਸ ਦੱਸਿਆ ''ਬੇਇਨਸਾਫ਼ੀ''
Monday, Feb 23, 2026 - 05:34 PM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਗੁਜ਼ਾਰਾ ਭੱਤੇ (Maintenance) ਨਾਲ ਜੁੜੇ ਇਕ ਮਾਮਲੇ 'ਚ ਇਤਿਹਾਸਕ ਟਿੱਪਣੀ ਕਰਦਿਆਂ 'ਘਰ ਬੈਠੀ ਪਤਨੀ' ਦੀ ਧਾਰਨਾ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਸਾਫ਼ ਕਿਹਾ ਕਿ ਇਕ ਘਰੇਲੂ ਮਹਿਲਾ (Housewife) ਦਾ ਕੰਮ ਕਿਸੇ ਵੀ ਪੱਖੋਂ ਘੱਟ ਨਹੀਂ ਹੈ, ਕਿਉਂਕਿ ਉਸ ਦੀ ਦਿਨ-ਰਾਤ ਦੀ ਮਿਹਨਤ ਹੀ ਕਮਾਉਣ ਵਾਲੇ ਪਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਦੇ ਯੋਗ ਬਣਾਉਂਦੀ ਹੈ।
ਘਰ ਸੰਭਾਲਣ ਦੀ ਮਿਹਨਤ ਨੂੰ ਅਣਦੇਖਾ ਕਰਨਾ ਬੇਇਨਸਾਫੀ
ਜਸਟਿਸ ਸਵਰਣ ਕਾਂਤਾ ਸ਼ਰਮਾ ਨੇ 16 ਫਰਵਰੀ ਨੂੰ ਸੁਣਾਏ ਆਪਣੇ ਫੈਸਲੇ 'ਚ ਕਿਹਾ ਕਿ ਪਤਨੀ ਦਾ ਨੌਕਰੀ ਨਾ ਕਰਨਾ ਉਸ ਦੀ 'ਵਿਹਲ' ਜਾਂ 'ਜਾਣਬੁੱਝ ਕੇ ਨਿਰਭਰਤਾ' ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਕਿਹਾ,"ਇਹ ਕਹਿਣਾ ਬਹੁਤ ਸੌਖਾ ਹੈ ਕਿ ਉਹ ਰੁਜ਼ਗਾਰ 'ਚ ਨਹੀਂ ਹੈ, ਪਰ ਇਕ ਘਰ ਨੂੰ ਚਲਾਉਣ ਅਤੇ ਸਾਂਭਣ 'ਚ ਲੱਗਣ ਵਾਲੀ ਸਖ਼ਤ ਮਿਹਨਤ ਨੂੰ ਪਛਾਣਨਾ ਕਿਤੇ ਵੱਧ ਔਖਾ ਹੈ।" ਅਦਾਲਤ ਮੁਤਾਬਕ ਗੁਜ਼ਾਰਾ ਭੱਤਾ ਤੈਅ ਕਰਦੇ ਸਮੇਂ ਮਹਿਲਾ ਵੱਲੋਂ ਘਰ ਅਤੇ ਰਿਸ਼ਤਿਆਂ 'ਚ ਪਾਏ ਆਰਥਿਕ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨਾ ਗੈਰ-ਵਾਜਬ ਹੋਵੇਗਾ।
ਕੀ ਸੀ ਪੂਰਾ ਮਾਮਲਾ?
ਇਹ ਮਾਮਲਾ ਸਾਲ 2012 'ਚ ਹੋਏ ਇਕ ਵਿਆਹ ਨਾਲ ਜੁੜਿਆ ਹੈ। ਪਤਨੀ ਦਾ ਦੋਸ਼ ਹੈ ਕਿ ਸਾਲ 2020 'ਚ ਉਸ ਦੇ ਪਤੀ ਨੇ ਉਸ ਨੂੰ ਅਤੇ ਉਨ੍ਹਾਂ ਦੇ ਨਾਬਾਲਗ ਬੇਟੇ ਨੂੰ ਛੱਡ ਦਿੱਤਾ ਸੀ। ਪਤੀ ਨੇ ਹਾਈ ਕੋਰਟ 'ਚ ਦਲੀਲ ਦਿੱਤੀ ਸੀ ਕਿ ਪਤਨੀ ਹੱਥ 'ਤੇ ਹੱਥ ਧਰ ਕੇ ਨਹੀਂ ਬੈਠ ਸਕਦੀ ਅਤੇ ਗੁਜ਼ਾਰਾ ਭੱਤੇ ਦੀ ਮੰਗ ਨਹੀਂ ਕਰ ਸਕਦੀ ਜਦੋਂ ਕਿ ਉਹ ਕਮਾਉਣ ਦੇ ਯੋਗ ਹੈ। ਪਰ ਹਾਈ ਕੋਰਟ ਨੇ ਇਸ ਦਲੀਲ ਨੂੰ ਰੱਦ ਕਰਦਿਆਂ ਸਪੱਸ਼ਟ ਕੀਤਾ ਕਿ ਕਮਾਉਣ ਦੀ ਸਮਰੱਥਾ (Capacity to earn) ਅਤੇ ਅਸਲ ਕਮਾਈ (Actual earning) 2 ਵੱਖਰੀਆਂ ਗੱਲਾਂ ਹਨ। ਸਿਰਫ਼ ਪੜ੍ਹੀ-ਲਿਖੀ ਹੋਣਾ ਗੁਜ਼ਾਰਾ ਭੱਤੇ ਤੋਂ ਇਨਕਾਰ ਕਰਨ ਦਾ ਅਧਾਰ ਨਹੀਂ ਹੋ ਸਕਦਾ। ਜੋ ਔਰਤਾਂ ਕੰਮ ਕਰਨਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਹੱਲਾਸ਼ੇਰੀ ਮਿਲਣੀ ਚਾਹੀਦੀ ਹੈ, ਪਰ ਉਨ੍ਹਾਂ ਨੂੰ ਮਜ਼ਬੂਰ ਨਹੀਂ ਕੀਤਾ ਜਾ ਸਕਦਾ। ਸਿਰਫ ਕਮਾਉਣ ਦੀ ਸਮਰੱਥਾ ਗੁਜ਼ਾਰਾ ਭੱਤੇ ਤੋਂ ਇਨਕਾਰ ਦਾ ਆਧਾਰ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
