ਗੋਦ 'ਚ ਬੀਮਾਰ ਬੱਚਾ ਅਤੇ ਹੱਥ 'ਚ ਆਕਸੀਜਨ ਸਿਲੰਡਰ, ਮਾਸੂਮ ਨੂੰ ਇਸ ਤਰ੍ਹਾਂ ਕੀਤਾ ਗਿਆ ਸ਼ਿਫਟ
Friday, Mar 23, 2018 - 01:39 PM (IST)
ਪਟਨਾ— ਬਿਹਾਰ ਦੇ ਪਟਨਾ ਮੈਡੀਕਲ ਕਾਲਜ ਹਸਪਤਾਲ (ਪੀ.ਐੱਮ.ਸੀ.ਐੱਚ.) ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੇ ਰਾਜ ਦੇ ਸਭ ਤੋਂ ਵੱਡੇ ਹਸਪਤਾਲ ਦੀ ਸਿਹਤ ਵਿਵਸਥਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਹਸਪਤਾਲ 'ਚ ਢਾਈ ਸਾਲ ਦੇ ਇਕ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਉਸ ਨੂੰ ਹੱਥ 'ਚ ਚੁੱਕ ਕੇ ਇੰਦਰਾ ਗਾਂਧੀ ਦਿਲ ਰੋਗ ਸੰਸਥਾ (ਆਈ.ਜੀ.ਆਈ.ਸੀ.) ਲਿਜਾਉਣਾ ਪਿਆ। ਇਕ ਵਿਅਕਤੀ ਨੇ ਬੱਚੇ ਨੂੰ ਚੁੱਕਿਆ ਹੋਇਆ ਸੀ ਤਾਂ ਉੱਥੇ ਹੀ ਉਸ ਦੇ ਪਿੱਛੇ 2 ਵਿਅਕਤੀ ਆਕਸੀਜਨ ਸਿਲੰਡਰ ਲੈ ਕੇ ਆ ਰਹੇ ਸਨ। ਹਸਪਤਾਲ 'ਚ ਨਾ ਤਾਂ ਸਿਲੰਡਰ ਚੁੱਕਣ ਲਈ ਟਰਾਲੀ ਸੀ ਅਤੇ ਨਾ ਹੀ ਸਟ੍ਰੈਚਰ ਉਪਲੱਬਧ ਸੀ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਸਟ੍ਰੈਚਰ ਦੀ ਮੰਗ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਸਟ੍ਰੈਚਰ ਉਪਲੱਬਧ ਨਹੀਂ ਕਰਵਾਇਆ ਗਿਆ ਸੀ, ਜਿਸ ਕਾਰਨ ਮਜ਼ਬੂਰਨ ਉਨ੍ਹਾਂ ਨੂੰ ਬੱਚੇ ਨੂੰ ਹੱਥ 'ਚ ਚੁੱਕ ਕੇ ਲਿਜਾਉਣਾ ਪਿਆ। ਮੀਡੀਆ ਵੱਲੋਂ ਮਾਮਲਾ ਸਾਹਮਣੇ ਆਉਣ 'ਤੇ ਪੀ.ਐੱਮ.ਸੀ.ਐੱਚ. ਦੇ ਡਾ. ਦੀਪਕ ਟੰਡਨ ਨੇ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸ਼ਿਸ਼ੂ ਵਿਭਾਗ ਦੇ ਸੀਨੀਅਰ ਡਾਕਟਰ ਨੀਲਮ ਵਰਮਾ ਨੂੰ ਜਾਂਚ ਕਮੇਟੀ ਦਾ ਚੇਅਰਮੈਨ ਬਣਾਇਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਿਹਤ ਵਿਵਸਥਾ 'ਤੇ ਸਵਾਲ ਖੜ੍ਹਾ ਕਰਦਾ ਹੋਇਆ ਅਜਿਹਾ ਹੀ ਇਕ ਮਾਮਲਾ ਸਹਿਰਸਾ ਜ਼ਿਲੇ 'ਚ ਸਾਹਮਣੇ ਆਇਆ ਸੀ, ਜਿੱਥੇ ਇਕ ਸਫ਼ਾਈ ਕਰਮਚਾਰੀ ਨੇ ਟਾਰਚ ਦੀ ਰੋਸ਼ਨੀ 'ਚ ਔਰਤ ਦਾ ਆਪਰੇਸ਼ਨ ਕਰ ਦਿੱਤਾ ਸੀ। ਆਪਰੇਸ਼ਨ ਤੋਂ ਬਾਅਦ ਔਰਤ ਦੀ ਸਿਹਤ ਵਿਗੜਨ 'ਤੇ ਉਸ ਨੂੰ ਪਟਨਾ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ, ਜਿੱਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ।
#Patna: Man allegedly denied stretcher by Patna Medical College and Hospital, carries his child in arms with an oxygen cylinder. #Bihar pic.twitter.com/O6aJxsKgJR
— ANI (@ANI) March 23, 2018
