ਪੰਚਾਇਤ ਨੇ ਜਬਰ-ਜ਼ਿਨਾਹ ਦੇ ਦੋਸ਼ੀ ਨੂੰ ਦਿੱਤੀ ਜੁੱਤੀਆਂ ਮਾਰਨ ਦੀ ਸਜ਼ਾ, 15 ਹਜ਼ਾਰ 'ਚ ਰਫਾ-ਦਫਾ ਕੀਤਾ ਮਾਮਲਾ
Thursday, Aug 01, 2024 - 04:09 AM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਇਕ ਲੜਕੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ੀ ਨੂੰ 5 ਜੁੱਤੀਆਂ ਮਾਰਨ ਅਤੇ ਪੀੜਤ ਪਰਿਵਾਰ ਨੂੰ 15 ਹਜ਼ਾਰ ਰੁਪਏ ਦੇਣ ਦੀ ਸਜ਼ਾ ਸੁਣਾਈ ਗਈ ਹੈ। ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਦੋਸ਼ੀ ਨੂੰ ਜੁੱਤੀਆਂ ਨਾਲ ਕੁੱਟਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਅਨੁਸਾਰ ਘਟਨਾ 25 ਜੁਲਾਈ ਦੀ ਸ਼ਾਮ ਨੂੰ ਵਾਪਰੀ, ਜਦੋਂ ਭੋਗੀਪੁਰਾ ਇਲਾਕੇ ਦੀ ਰਹਿਣ ਵਾਲੀ ਇਕ ਲੜਕੀ ਕਿਸੇ ਕੰਮ ਲਈ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਆਈ।
ਪੁਲਸ ਨੇ ਦੱਸਿਆ ਕਿ ਉਸੇ ਰਾਤ 9 ਵਜੇ ਪਰਿਵਾਰਕ ਮੈਂਬਰਾਂ ਨੇ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਇਲਾਕੇ ਦੇ ਇਕ ਨੌਜਵਾਨ 'ਤੇ ਲੜਕੀ ਨੂੰ ਵਰਗਲਾ ਕੇ ਭਜਾ ਕੇ ਲਿਜਾਣ ਦਾ ਦੋਸ਼ ਲਗਾਇਆ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਮੁਲਜ਼ਮ ਨੇ ਕੋਲਡ ਡਰਿੰਕ ਵਿਚ ਨਸ਼ੀਲਾ ਪਦਾਰਥ ਮਿਲਾ ਕੇ ਲੜਕੀ ਨੂੰ ਪਿਆਇਆ ਅਤੇ ਬੇਹੋਸ਼ ਹੋਣ ਤੋਂ ਬਾਅਦ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਮੁਤਾਬਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ 'ਚ ਪੰਚਾਇਤ ਹੋਈ, ਜਿਸ 'ਚ ਦੋਸ਼ੀ ਨੂੰ ਪੀੜਤ ਪਰਿਵਾਰ ਨੂੰ 15,000 ਰੁਪਏ ਦੇਣ ਦੇ ਨਾਲ-ਨਾਲ 5 ਜੁੱਤੀਆਂ ਮਾਰਨ ਦਾ ਹੁਕਮ ਵੀ ਸੁਣਾਇਆ ਗਿਆ।
ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਦੋਸ਼ੀ ਨੂੰ ਜੁੱਤੀਆਂ ਨਾਲ ਕੁੱਟਣ ਦਾ ਵੀਡੀਓ ਵਾਇਰਲ ਹੋਇਆ ਸੀ। ਵੀਡੀਓ 'ਚ ਇਕ ਨੌਜਵਾਨ ਫਰਸ਼ 'ਤੇ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਇਕ ਔਰਤ ਨੌਜਵਾਨ 'ਤੇ ਜੁੱਤੀਆਂ ਦੀ ਵਰਖਾ ਕਰ ਰਹੀ ਹੈ। ਸਹਾਇਕ ਪੁਲਸ ਕਮਿਸ਼ਨਰ (ਲੋਹਾਮੰਡੀ) ਮਯੰਕ ਤਿਵਾੜੀ ਨੇ ਦੱਸਿਆ ਕਿ ਲੜਕੀ ਲਾਪਤਾ ਹੋ ਗਈ ਸੀ ਪਰ ਕੁਝ ਸਮੇਂ ਬਾਅਦ ਘਰ ਪਰਤ ਆਈ। ਪਰਿਵਾਰਕ ਮੈਂਬਰਾਂ ਨੇ ਲਿਖਤੀ ਸ਼ਿਕਾਇਤ ਨਹੀਂ ਦਿੱਤੀ। ਬਾਅਦ 'ਚ ਇਲਾਕੇ ਦੀ ਪੰਚਾਇਤ ਹੋਈ, ਜਿਸ 'ਚ ਦੋਸ਼ੀ ਨੂੰ ਜੁੱਤੀਆਂ ਨਾਲ ਕੁੱਟਣ ਅਤੇ ਪੈਸੇ ਦੇਣ ਲਈ ਕਿਹਾ ਗਿਆ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਚੌਕੀ ਇੰਚਾਰਜ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।