ਬੂਸਟਰ ਡੋਜ਼ ਕਿਹੜੀ ਹੋਵੇਗੀ, ਇਸ ਸੰਬੰਧੀ ਭਰਮ ਦੂਰ ਕਰਨਾ ਜ਼ਰੂਰੀ : ਚਿਦਾਂਬਰਮ
Monday, Dec 27, 2021 - 03:38 PM (IST)
ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ਸਾਡੇ ਇੱਥੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਬੂਸਟਰ ਡੋਜ਼ ਕਿਹੜੀ ਹੋਵੇਗੀ, ਇਸ ਸੰਬੰਧੀ ਜਾਰੀ ਭਰਮ ਦੀ ਸਥਿਤੀ ਦੂਰ ਕਰਨੀ ਜ਼ਰੂਰੀ ਹੈ। ਚਿਦਾਂਬਰਮ ਦਾ ਇਹ ਬਿਆਨ ਦੇਸ਼ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 3 ਜਨਵਰੀ ਤੋਂ ਦੇਸ਼ ਦੇ ਸੀਨੀਅਰ ਨਾਗਰਿਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਬੂਸਟਰ ਡੋਜ਼ ਲਗਾਉਣ ਦੇ ਐਲਾਨ ਤੋਂ ਬਾਅਦ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਭਰਮ ਟੁੱਟਣਾ ਚਾਹੀਦਾ ਕਿ ਕੋਵਿਸ਼ੀਲਡ ਦਾ ਇਹ ਟੀਕਾ ਅਗਲਾ ਟੀਕਾ ਹੋਵੇਗਾ ਜਾਂ ਬੂਸਟਰ ਡੋਜ਼ ਹੋਵੇਗਾ। ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ,''ਬੂਸਟਰ ਡੋਜ਼ ਦਾ ਪ੍ਰਸਤਾਵ ਭਰਮ 'ਚ ਹੈ। ਕੋਵਿਸ਼ੀਲਡ ਦਾ ਕਿਹੜਾ ਟੀਕਾ ਬੂਸਟਰ ਡੋਜ਼ ਹੋਵੇਗਾ। ਉਮੀਦ ਹੈ ਕਿ ਇਹ ਕੋਵਿਸ਼ੀਲਡ ਦੀ ਇਕ ਹੋਰ ਖ਼ੁਰਾਕ ਨਹੀਂ ਹੋਵੇਗੀ।''
ਉਨ੍ਹਾਂ ਕਿਹਾ ਕਿ ਇਸ ਸੱਚ ਨਾਲ ਜਾਣੂੰ ਹੋਣਾ ਵੀ ਜ਼ਰੂਰੀ ਹੈ, ਭਾਵੇਂ ਹੀ ਸਰਕਾਰ ਇਸ ਸੱਚਾਈ ਨੂੰ ਸਾਹਮਣੇ ਲਿਆਉਣ ਲਈ ਤਿਆਰ ਨਾ ਹੋਵੇ। ਤੈਅ ਹੈ ਕਿ 31 ਦਸੰਬਰ ਤੱਕ ਸਾਰੇ 94 ਕਰੋੜ ਬਾਲਗਾਂ ਨੂੰ ਟੀਕਾਕਰਨ ਦੀ ਪਹਿਲੀ ਖ਼ੁਰਾਕ ਨਹੀਂ ਮਿਲੇਗੀ ਅਤੇ ਇਸ ਤਰ੍ਹਾਂ ਨਾਲ ਦੇਸ਼ 100 ਫੀਸਦੀ ਕੋਰੋਨਾ ਟੀਕਾਕਰਨ ਹਾਸਲ ਨਹੀਂ ਕਰ ਸਕੇਗਾ ਅਤੇ ਦੇਸ਼ ਦੀ ਬਹੁਤ ਵੱਡੀ ਆਬਾਦੀ ਨੂੰ ਇਸ ਸਾਲ ਦੇ ਆਖ਼ੀਰ ਤੱਕ ਟੀਕਾਕਰਨ ਦੀ ਦੂਜੀ ਖ਼ੁਰਾਕ ਨਹੀਂ ਮਿਲ ਸਕੇਗੀ। ਚਿਦਾਂਬਰਮ ਨੇ ਫਾਈਜ਼ਰ ਅਤੇ ਮਾਡਰਨਾ ਦੀ ਸਪਲਾਈ ਨਹੀਂ ਕੀਤੇ ਜਾਣ ਨੂੰ ਲੈ ਕੇ ਵੀ ਸਰਕਾਰ 'ਤੇ ਹਮਲਾ ਕੀਤਾ ਅਤੇ ਕਿਹਾ ਦੇਸ਼ ਨੂੰ ਅੱਜ ਸਮੇਂ ਟੀਕੇ ਦਾ ਆਰਡਰ ਨਹੀਂ ਦੇਣ, ਭੁਗਤਾਨ 'ਚ ਦੇਰੀ, ਫਾਈਜ਼ਰ ਐਂਡ ਮਾਡਰਨਾ ਨੂੰ ਲਾਇਸੈਂਸ ਨਾ ਦੇਣ ਅਤੇ ਟੀਕੇ ਦੇ ਪੂਰੇ ਉਤਪਾਦਨ ਅਤੇ ਸਪਲਾਈ ਨਹੀਂ ਹੋਣ ਦਾ ਖ਼ਾਮਿਆਜ਼ਾ ਭੁਗਤ ਰਹੇ ਹਨ।
ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ