ਪੂਜਾ ਮਗਰੋਂ ਬੰਦ ਹੋਏ ਬਾਬਾ ਕੇਦਾਰਨਾਥ ਦੇ ਕਿਵਾੜ, ਬਰਫ਼ ਦੀ ਸਫੈਦ ਚਾਦਰ ਨਾਲ ਢਕਿਆ ਮੰਦਰ
Monday, Nov 16, 2020 - 10:56 AM (IST)
ਗੋਪੇਸ਼ਵਰ— ਠੰਡ ਅਤੇ ਬਰਫ਼ਬਾਰੀ ਦਰਮਿਆਨ ਸੋਮਵਾਰ ਨੂੰ ਭਾਈ ਦੂਜ ਦੇ ਪਵਿੱਤਰ ਤਿਉਹਾਰ ਮੌਕੇ ਉੱਤਰਾਖੰਡ 'ਚ ਉੱਚ ਗੜ੍ਹਵਾਲ ਹਿਮਾਲਿਆ ਖੇਤਰ ਸਥਿਤ ਕੇਦਾਰਨਾਥ ਮੰਦਰ ਦੇ ਕਿਵਾੜ ਸਰਦ ਰੁੱਤ ਲਈ ਬੰਦ ਹੋ ਗਏ ਹਨ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਉੱਤਰਾਖੰਡ ਦੇ ਉਨ੍ਹਾਂ ਦੇ ਹਮ-ਰੁਤਬਾ ਤ੍ਰਿਵੇਂਦਰ ਸਿੰਘ ਰਾਵਤ ਵੀ ਹਾਜ਼ਰ ਰਹੇ। ਕੇਦਾਰਨਾਥ ਵਿਚ ਐਤਵਾਰ ਰਾਤ ਤੋਂ ਹੀ ਮੌਸਮ ਬਦਲ ਗਿਆ ਸੀ ਅਤੇ ਮੀਂਹ ਨਾਲ ਬਰਫ਼ ਡਿੱਗਣੀ ਸ਼ੁਰੂ ਹੋ ਗਈ ਸੀ।
ਸਵੇਰੇ 8 ਵਜ ਕੇ 30 ਮਿੰਟ 'ਤੇ ਕਿਵਾੜ ਬੰਦ ਹੋਣ ਤੋਂ ਪਹਿਲਾਂ ਸੋਮਵਾਰ 'ਚ ਰਿਵਾਇਤੀ ਤਰੀਕੇ ਨਾਲ ਪੂਜਾ ਕੀਤੀ ਗਈ। ਇਸ ਪੂਜਾ 'ਚ ਕੇਦਾਰਨਾਥ ਮੰਦਰ ਦੇ ਪੁਜਾਰੀ, ਸਥਾਨਕ ਪ੍ਰਸ਼ਾਸਨ ਅਤੇ ਚਾਰਧਾਮ ਦੇਵਸਥਾਨਮ ਬੋਰਡ ਦੇ ਅਹੁਦਾ ਅਧਿਕਾਰੀ ਨਾਲ ਹੀ ਯੋਗੀ ਅਤੇ ਰਾਵਤ ਵੀ ਸ਼ਾਮਲ ਹੋਏ।
ਦੱਸਣਯੋਗ ਹੈ ਕਿ ਬਦਰੀਨਾਥ ਧਾਮ ਦੇ ਕਿਵਾੜ ਵੀਰਵਾਰ 19 ਨਵੰਬਰ ਨੂੰ ਸ਼ਾਮ 3 ਵਜ ਕੇ 35 ਮਿੰਟ 'ਤੇ ਬੰਦ ਹੋਣਗੇ। ਉੱਥੇ ਹੀ ਉੱਤਰਾਖੰਡ ਦੇ ਉੱਚ ਹਿਮਾਲਿਆ ਖੇਤਰ ਵਿਚ ਸਥਿਤ ਵਿਸ਼ਵ ਪ੍ਰਸਿੱਧ ਗੰਗੋਤਰੀ ਧਾਮ ਦੇ ਕਿਵਾੜ ਅੰਨਕੂਟ-ਗੋਵਰਧਨ ਪੂਜਾ ਦੇ ਪਾਵਨ ਤਿਉਹਾਰ ਮੌਕੇ 'ਤੇ ਐਤਵਾਰ ਨੂੰ ਸਰਦ ਰੁੱਤ ਦੌਰਾਨ ਸ਼ਰਧਾਲੂਆਂ ਲਈ ਬੰਦ ਹੋ ਗਏ।
ਉੱਤਰਾਖੰਡ ਚਾਰਧਾਮ ਦੇਵਸਥਾਨਮ ਬੋਰਡ ਦੇ ਮੀਡੀਆ ਮੁਖੀ ਡਾ. ਹਰੀਸ਼ ਗੌੜ ਨੇ ਦੱਸਿਆ ਕਿ ਪੂਜਾ ਮਗਰੋਂ ਦੁਪਹਿਰ 12 ਵਜ ਕੇ 15 ਮਿੰਟ 'ਤੇ ਮਾਂ ਗੰਗਾ ਨੂੰ ਸਮਰਪਿਤ ਗੰਗੋਤਰੀ ਧਾਮ ਦੇ ਕਿਵਾੜ ਬੰਦ ਹੋਏ। ਕਿਵਾੜ ਬੰਦ ਹੋਣ ਦੇ ਮੌਕੇ ਗੰਗੋਤਰੀ ਦੇ ਭਾਜਪਾ ਵਿਧਾਇਕ ਗੋਪਾਲ ਸਿੰਘ ਰਾਵਤ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਅਤੇ ਤੀਰਥ ਪੁਰੋਹਿਤ ਮੌਜੂਦ ਸਨ।