ਦਸਤਾਰ ਮਾਮਲਾ: ਦਿੱਲੀ ਕਮੇਟੀ ਨੇ ਕੇਂਦਰੀ ਮੰਤਰੀ ਨੂੰ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਲਿਖੀ ਚਿੱਠੀ

05/18/2018 11:54:31 AM

ਜਲੰਧਰ/ਗੁਜਰਾਤ (ਚਾਵਲਾ)— ਗੁਜਰਾਤ ਦੇ ਭਾਵਨਗਰ ਪਾਸਪੋਰਟ ਦਫਤਰ ਵਲੋਂ ਸਿੱਖ ਨੌਜਵਾਨ ਨੂੰ ਪਾਸਪੋਰਟ ਲਈ ਪੱਗ ਲਾਹ ਕੇ ਫੋਟੋ ਖਿਚਵਾਉਣ ਦਾ ਹੁਕਮ ਦੇਣ ਦੇ ਮਾਮਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਰੁਖ ਅਪਣਾ ਲਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਭੇਜਣ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਜੀ. ਕੇ. ਨੇ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿਚ ਸਿੱਖਾਂ ਲਈ ਸ਼ਮਸ਼ਾਨਘਾਟ ਨਾ ਹੋਣ ਕਾਰਨ ਸਿੱਖਾਂ ਦੀਆਂ ਮ੍ਰਿਤਕ ਦੇਹਾਂ ਨੂੰ ਅਗਨ ਭੇਟ ਕਰਨ ਦੇ ਸਥਾਨ 'ਤੇ ਉਨ੍ਹਾਂ ਨੂੰ ਦਫਨਾਉਣ ਲਈ ਮਜਬੂਰ ਹੋਣ ਵਾਲੀ ਆਈ ਖਬਰ 'ਤੇ ਆਪਣੀ ਪ੍ਰਤੀਕਿਰਿਆ ਵੀ ਪ੍ਰਗਟ ਕੀਤੀ।

PunjabKesari
ਉਨ੍ਹਾਂ ਦੱਸਿਆ ਕਿ ਕਮੇਟੀ ਕੋਲ ਭਾਵਨਗਰ ਵਿਚ ਰਹਿਣ ਵਾਲੇ ਅਜੀਤ ਸਿੰਘ ਹਰੀਮਲ ਕੁਕੜੇਜਾ ਦਾ ਸ਼ਿਕਾਇਤ ਪੱਤਰ ਆਇਆ ਹੈ, ਜਿਸ ਵਿਚ ਉਸ ਨੇ ਦੱਸਿਆ ਕਿ ਸਿੰਧੀ ਪਰਿਵਾਰ ਵਿਚ ਜਨਮ ਲੈਣ ਦੇ ਬਾਵਜੂਦ ਉਹ ਸਿੰਘ ਸਜ ਗਿਆ ਸੀ ਅਤੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਤੇ ਰਾਗੀ ਦੇ ਰੂਪ ਵਿਚ ਸੇਵਾ ਨਿਭਾਉਂਦਾ ਹੈ। ਵਿਦੇਸ਼ ਜਾਣ ਦੀ ਚਾਹਤ ਕਾਰਨ ਉਸ ਨੇ ਪਾਸਪੋਰਟ ਦਫਤਰ ਵਿਚ ਪਾਸਪੋਰਟ ਬਣਾਉਣ ਲਈ ਅਰਜ਼ੀ ਦਿੱਤੀ ਸੀ ਪਰ ਜਦੋਂ ਉਹ ਗਾਤਰਾ ਪਹਿਨ ਕੇ ਪਾਸਪੋਰਟ ਦਫਤਰ ਵਿਚ ਫੋਟੋ ਖਿਚਵਾਉਣ ਲਈ ਪਹੁੰਚਿਆ ਤਾਂ ਅਧਿਕਾਰੀ ਨੇ ਗਾਤਰਾ ਅਤੇ ਪੱਗ ਲਾਹੁਣ ਦਾ ਹੁਕਮ ਦਿੱਤਾ। ਅਜੀਤ ਸਿੰਘ ਦੇ ਨਾਂਹ ਕਰਨ 'ਤੇ ਅਧਿਕਾਰੀ ਨੇ ਸਾਫ ਕਹਿ ਦਿੱਤਾ ਕਿ ਜਿੰਨੀ ਦੇਰ ਕੇਸ ਨਜ਼ਰ ਨਹੀਂ ਆਉਣਗੇ, ਫੋਟੋ ਨਹੀਂ ਖਿੱਚੀ ਜਾਵੇਗੀ। ਅਗਲੇ ਦਿਨ ਜਦੋਂ ਸਿੱਖ ਸੰਗਤ ਕਾਰਨ ਜਾਣਨ ਲਈ ਦਫਤਰ ਪਹੁੰਚੀ ਤਾਂ ਅਧਿਕਾਰੀ ਨੇ ਸਾਫ ਕਹਿ ਦਿੱਤਾ ਕਿ ਪਾਸਪੋਰਟ ਵਿਚ ਛਪਣ ਵਾਲੀ ਫੋਟੋ ਵਿਚ ਕੰਨ ਨਜ਼ਰ ਆਉਣੇ ਚਾਹੀਦੇ ਹਨ। ਉਸ ਤੋਂ ਬਾਅਦ ਅਜੀਤ ਦੇ ਸਾਥੀ ਵਿਸ਼ਾਲ ਸਿੰਘ ਵਲੋਂ ਪਾਸਪੋਰਟ ਹੈੱਡਕੁਆਰਟਰ ਅਹਿਮਦਾਬਾਦ ਵਿਚ ਆਰ. ਟੀ. ਆਈ. ਦਾਖਲ ਕਰ ਦਿੱਤੀ ਗਈ, ਜਿਸ ਦੇ ਆਏ ਜਵਾਬ ਵਿਚ ਸਾਫ ਲਿਖਿਆ ਸੀ ਕਿ ਅਜਿਹਾ ਕੋਈ ਨਿਯਮ ਨਹੀਂ ਹੈ।  ਜੀ. ਕੇ. ਨੇ ਕਿਹਾ ਕਿ ਇਕ ਅਧਿਕਾਰੀ ਦੀ ਬੇਵਕੂਫੀ ਕਾਰਨ ਇਸ ਸਿੱਖ ਨੂੰ ਧਾਰਮਿਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਦਿੱਲੀ ਕਮੇਟੀ ਇਸ ਮਾਮਲੇ 'ਤੇ ਦੋਸ਼ੀ ਦੇ ਖਿਲਾਫ ਕਾਰਵਾਈ ਹੋਣ ਤੱਕ ਲੜਾਈ ਲੜੇਗੀ।


Related News