ਦੋਹਰੇ ਹੱਤਿਆਕਾਂਡ ਦਾ ਦੋਸ਼ੀ ਚੜ੍ਹਿਆ ਪੁਲਸ ਹੱਥੇ, ਕਬੂਲਿਆ ਦੋਸ਼
Thursday, Jan 11, 2018 - 04:42 PM (IST)

ਫਰੀਦਾਬਾਦ — ਫਰੀਦਾਬਾਦ ਦੇ ਸੈਕਟਰ-30 ਦੀ ਕ੍ਰਾਈਮ ਬ੍ਰਾਂਚ ਟੀਮ ਨੇ ਬੀਤੀ 27 ਸਤੰਬਰ ਨੂੰ ਭੈਂਸਰਾਵਲੀ 'ਚ ਡਬਲ ਮਰਡਰ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਦੋਂਕਿ ਫੜੇ ਗਏ ਦੋਸ਼ੀ ਅੰਕਿਤ ਦੇ ਤਿੰਨ ਹੋਰ ਸਾਥੀ ਅਜੇ ਤੱਕ ਫਰਾਰ ਹਨ। ਪੁਲਸ ਨੇ ਦੋਸ਼ੀ ਦੇ ਕਬਜ਼ੇ 'ਚੋਂ ਭੈਂਸਰਾਵਲੀ 'ਚ ਦੁੱਧ ਵੇਚਣ ਵਾਲੇ ਪ੍ਰਮੋਦ ਦੀ ਹੱਤਿਆ ਲਈ ਇਸਤੇਮਾਲ ਕੀਤਾ ਗਿਆ ਕੱਟਾ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਉਸਨੇ ਕਈ ਸੰਗੀਨ ਵਾਰਦਾਤਾਂ ਵੀ ਕਬੂਲ ਕੀਤੀਆਂ ਹਨ।
ਰੰਜਿਸ਼ ਕਾਰਨ ਕੀਤੀ ਸੀ ਹੱਤਿਆ
ਪਲਵਲ ਦੇ ਪਿੰਡ 'ਚ ਚੇਅਰਮੈਨ ਸੰਤਰਾਮ, ਉਸਦੇ ਭਰਾ ਅਤੇ ਦੁੱਧ ਵੇਚਣ ਵਾਲੇ ਪ੍ਰਮੋਦ ਦੀ ਹੱਤਿਆ ਕਰ ਦਿੱਤੀ ਗਈ ਸੀ। ਪ੍ਰਮੋਦ ਭੈਂਸਰਾਵਲੀ 'ਚ ਦੁੱਧ ਵੇਚਣ ਦਾ ਕੰਮ ਕਰਦਾ ਸੀ। ਜਿਸਦੀ ਹੱਤਿਆ ਦੇ ਮਾਮਲੇ 'ਚ ਪੁਲਸ ਨੇ ਦੋਸ਼ੀ ਅੰਕਿਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਵਲੋਂ ਕੀਤੀ ਗਈ ਪੁੱਛਗਿੱਛ 'ਚ ਉਸਨੇ ਦੱਸਿਆ ਕਿ ਇਹ ਹੱਤਿਆ ਰੰਜਿਸ਼ ਦੇ ਕਾਰਨ ਕੀਤੀ ਗਈ ਹੈ।
ਦੋਸ਼ੀ ਨੇ ਕਬੂਲ ਕੀਤੀਆਂ ਵਾਰਦਾਤਾਂ
27 ਸਤੰਬਰ ਨੂੰ ਅਰੁਣ, ਪਵਨ ਅਤੇ ਸੰਤੁ ਨੇ ਦੋਸ਼ੀ ਅੰਕਿਤ ਨਾਲ ਮਿਲ ਕੇ ਪ੍ਰਮੋਦ ਦੀ ਹੱਤਿਆ ਉਸ ਸਮੇਂ ਕੀਤੀ ਜਦੋਂ ਉਹ ਸਵੇਰੇ ਦੁੱਧ ਵੇਚਣ ਲਈ ਜਾ ਰਿਹਾ ਸੀ। ਦੋਸ਼ੀ ਨੇ ਪਿੰਡ ਦੇ ਚੇਅਰਮੈਨ ਸੰਤਰਾਮ ਅਤੇ ਉਸਦੇ ਭਰਾ ਦਾ ਡਬਲ ਮਰਡਰ ਕਰਨ ਦਾ ਦੋਸ਼ ਵੀ ਕਬੂਲ ਕੀਤਾ ਹੈ। ਉਸਨੇ ਦੱਸਿਆ ਕਿ ਉਸਨੇ ਭਵਾਨੀ ਦੇ ਇਕ ਸੁਨਾਰ ਦੀ ਦੁਕਾਨ 'ਚ ਲੁੱਟ ਕੀਤੀ, ਨੋਇਡਾ 'ਚ ਇਕ ਬ੍ਰੇਜਾ ਗੱਡੀ ਲੁੱਟੀ ਅਤੇ ਬੀਤੀ 13 ਦਸੰਬਰ ਨੂੰ ਇਨ੍ਹਾਂ ਦੋਸ਼ੀਆਂ ਨੇ ਭੈਂਸਰਾਵਲੀ ਪਿੰਡ 'ਚ ਪੁਰਾਣੀ ਰੰਜਿਸ਼ ਕਾਰਨ ਹਨੀ ਨੂੰ ਮਾਰਨ ਲਈ ਉਸਦੇ ਘਰ ਤਾਬੜ-ਤੋੜ ਫਾਇਰਿੰਗ ਕੀਤੀ ਸੀ।
ਕ੍ਰਾਈਮ ਬ੍ਰਾਂਚ ਦੇ ਸੈਕਟਰ-30 ਦੇ ਇੰਚਾਰਜ ਸਤਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਅੰਕਿਤ ਨੂੰ ਇਸ ਮਰਡਰ ਕੇਸ 'ਚ ਤਿੰਨ ਜਨਵਰੀ ਨੂੰ ਗ੍ਰਿਫਤਾਰ ਕੀਤਾ ਅਤੇ 6 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਹੈ। ਹੱਤਿਆ 'ਚ ਅੰਕਿਤ ਦਾ ਸਾਥ ਦੇਣ ਵਾਲੇ ਹੋਰ ਦੋਸ਼ੀ ਅਜੇ ਫਰਾਰ ਚਲ ਰਹੇ ਹਨ ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।