ਸੋਸ਼ਲ ਮੀਡੀਆ ’ਤੇ ਹਮਾਸ ਸਮਰਥਕਾਂ ਦਾ ‘ਕੂੜ ਪ੍ਰਚਾਰ ਯੁੱਧ’, ਕਈ ਦੇਸ਼ਾਂ ਨੇ ਦਿੱਤੀ ਟੈੱਕ ਕੰਪਨੀਆਂ ਨੂੰ ਚਿਤਾਵਨੀ

Sunday, Oct 29, 2023 - 01:14 PM (IST)

ਸੋਸ਼ਲ ਮੀਡੀਆ ’ਤੇ ਹਮਾਸ ਸਮਰਥਕਾਂ ਦਾ ‘ਕੂੜ ਪ੍ਰਚਾਰ ਯੁੱਧ’, ਕਈ ਦੇਸ਼ਾਂ ਨੇ ਦਿੱਤੀ ਟੈੱਕ ਕੰਪਨੀਆਂ ਨੂੰ ਚਿਤਾਵਨੀ

ਨਵੀਂ ਦਿੱਲੀ, (ਅਨਸ)- ਇਜ਼ਰਾਈਲ-ਹਮਾਸ ਜੰਗ ਵਿਚਾਲੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਜੰਗ ਦਾ ਮੈਦਾਨ ਬਣ ਗਏ ਹਨ। ਇਹ ਪਲੇਟਫਾਰਮ ਹਮਾਸ ਪੱਖੀ ਖਾਤਿਆਂ ਨਾਲ ਭਰ ਗਏ ਹਨ। ਨਾਜ਼ੁਕ ਸਥਿਤੀ ਦਾ ਨੋਟਿਸ ਲੈਂਦਿਆਂ ਕਈ ਸਰਕਾਰਾਂ ਨੇ ਵੱਡੀਆਂ ਤਕਨੀਕੀ ਕੰਪਨੀਆਂ ਮੇਟਾ, ਐਕਸ, ਟੈਲੀਗ੍ਰਾਮ ਅਤੇ ਹੋਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਜਾਂ ਤਾਂ ਆਪਣੇ ਸਮੱਗਰੀ ਸੰਚਾਲਨ ਐਲਗੋਰਿਦਮ ਨੂੰ ਠੀਕ ਕਰਨ ਜਾਂ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਇਜ਼ਰਾਈਲ ਸਥਿਤ ਸਮਾਜਿਕ ਖਤਰਿਆਂ ’ਤੇ ਨਜ਼ਰ ਰੱਖਣ ਵਾਲੀ ਖੁਫੀਆ ਏਜੰਸੀ (ਸਾਈਬਰਾ) ਨੇ ਪਾਇਆ ਕਿ ਹਮਾਸ ਦੇ ਹਮਲਿਆਂ ਬਾਰੇ ਆਪਣੇ ਵਿਚਾਰ ਰੱਖਣ ਵਾਲੀਆਂ 1,62,000 ਤੋਂ ਵੱਧ ਪ੍ਰੋਫਾਈਲਾਂ ’ਚੋਂ 25 ਫੀਸਦੀ ਮਤਲਬ 40,000 ਤੋਂ ਵੱਧ ਫਰਜੀ ਹਨ। ਉਨ੍ਹਾਂ ਫਰਜੀ ਪ੍ਰੋਫਾਈਲਾਂ ਰਾਹੀਂ 3,12,000 ਤੋਂ ਵੱਧ ਹਮਾਸ ਸਮਰਥਕ ਪੋਸਟਾਂ ਅਤੇ ਟਿੱਪਣੀਆਂ ਪ੍ਰਸਾਰਿਤ ਕੀਤੀਆਂ ਗਈਆਂ ਹਨ।

ਯੁੱਧ ਦੇ ਪਹਿਲੇ ਹਫਤੇ (ਅਕਤੂਬਰ 7-17) ਦੌਰਾਨ ਅਮਰੀਕਾ ਸਥਿਤ ਸੰਗਠਨ ‘ਨਿਊਜ਼ਗਾਰਡ’ ਨੇ 250 ਸਭ ਤੋਂ ਬਿਜ਼ੀ ਪੋਸਟਾਂ (ਲਾਈਕ, ਰੀਪੋਸਟ, ਉੱਤਰ ਅਤੇ ਬੁੱਕਮਾਰਕ) ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ’ਚ 10 ਪੋਸਟਾਂ ’ਚੋਂ ਇਕ ਝੂਠੀ ਪਾਈ ਗਈ। ਇਸ ਵਿਚ ਪਾਇਆ ਗਿਆ ਕਿ ‘ਬਲੂ ਬੈਜ’ ਵਾਲੇ ਪ੍ਰਮਾਣਿਕ ਉਪਭੋਗਤਾ ‘ਐਕਸ’ ’ਤੇ ਇਜ਼ਰਾਈਲ-ਹਮਾਸ ਜੰਗ ਬਾਰੇ ਜ਼ਿਆਦਾਤਰ ਗਲਤ ਸੂਚਨਾਵਾਂ ਫੈਲਾਅ ਰਹੇ ਹਨ। ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ 250 ਪੋਸਟਾਂ ’ਚੋਂ 186 ‘ਐਕਸ’ ਵਲੋਂ ਪ੍ਰਮਾਣਿਤ ਖਾਤਿਆਂ ਤੋਂ ਪੋਸਟ ਕੀਤੀਆਂ ਗਈਆਂ ਹਨ।

ਯੂਰਪੀ ਕਮਿਸ਼ਨ ਨੇ ਰਸਮੀ ਤੌਰ ’ਤੇ ਨਾਜਾਇਜ਼ ਸਮੱਗਰੀ ਅਤੇ ਕੂੜ ਪ੍ਰਚਾਰ, ਵਿਸ਼ੇਸ਼ ਤੌਰ ’ਤੇ ਇਜ਼ਰਾਈਲ-ਹਮਾਸ ਜੰਗ ਦੇ ਮੱਦੇਨਜ਼ਰ ਅੱਤਵਾਦੀ ਅਤੇ ਹਿੰਸਕ ਸਮੱਗਰੀ ਅਤੇ ਨਫਰਤ ਵਾਲੇ ਭਾਸ਼ਣਾਂ ਦੇ ਪ੍ਰਸਾਰ ਨੂੰ ਲੈ ਕੇ ‘ਐਕਸ’ ਦੀ ਜਾਂਚ ਸ਼ੁਰੂ ਕੀਤੀ ਹੈ। ਮਿਸ਼ਨ ਨੇ ਡਿਜੀਟਲ ਸੇਵਾ ਨਿਯਮ ਐਕਟ (ਡੀ. ਐੱਸ. ਏ.) ਦੇ ਤਹਿਤ ‘ਐਕਸ’ ਨੂੰ ਰਸਮੀ ਨੋਟਿਸ ਭੇਜਿਆ ਹੈ।

ਗਾਜ਼ਾ ’ਚ ਇਜ਼ਰਾਈਲ ਦੀ ਸਰਜੀਕਲ ਸਟ੍ਰਾਈਕ ਜਾਰੀ, ਹਿਜਬੁੱਲਾ ਦੇ ਟਿਕਾਣਿਆਂ ’ਤੇ ਵੀ ਹਮਲਾ ਇਜ਼ਰਾਈਲ ਹਵਾ ਅਤੇ ਸਮੁੰਦਰ ’ਚ ਵੱਡੇ ਪੱਧਰ ’ਤੇ ਹਮਲੇ ਕਰਨ ਦੇ ਨਾਲ ਹੀ ਪੈਦਲ ਫੌਜ ਅਤੇ ਬਖਤਰਬੰਦ ਵਾਹਨਾਂ ਦੀ ਮਦਦ ਨਾਲ ਗਾਜ਼ਾ ’ਚ ਆਪਣੀ ਜ਼ਮੀਨੀ ਮੁਹਿੰਮ ਦਾ ਵਿਸਥਾਰ ਕਰ ਰਿਹਾ ਹੈ। ਇਜ਼ਰਾਈਲੀ ਜਹਾਜ਼ਾਂ ਨੇ ਮਿਜਾਈਲ ਅਤੇ ਰਾਕੇਟ ਹਮਲੇ ਦੇ ਜਵਾਬ ’ਚ ਲਿਬਨਾਨ ’ਚ ਹਿਜਬੁੱਲਾ ਦੇ ਟਿਕਾਣਿਆਂ ’ਤੇ ਹਮਲਾ ਕੀਤਾ। ਹਿਜਬੁੱਲਾ ਦਾ ਰਾਕੇਟ ਤੇਲ ਅਵੀਵ ’ਚ ਇਕ ਇਮਾਰਤ ’ਤੇ ਡਿੱਗਣ ਕਾਰਨ 3 ਲੋਕ ਜ਼ਖਮੀ ਹੋ ਗਏ।

ਇਸ ਤੋਂ ਪਹਿਲਾਂ ਇਜ਼ਰਾਈਲੀ ਜਵਾਨ ਕੁਝ ਦੇਰ ਲਈ ਰਾਤ ਨੂੰ ਜ਼ਮੀਨੀ ਰਸਤੇ ਰਾਹੀਂ ਗਾਜ਼ਾ ’ਚ ਦਾਖਲ ਹੋਏ ਅਤੇ ਫਿਰ ਪਰਤ ਗਏ। ਇਜ਼ਰਾਈਲੀ ਫੌਜ ਨੇ ਸ਼ਨੀਵਾਰ ਨੂੰ ਇਕ ਵੀਡੀਓ ਜਾਰੀ ਕੀਤਾ, ਜਿਸ ਵਿਚ ਗਾਜ਼ਾ ਦੇ ਖੁੱਲੇ ਰੇਤੀਲੇ ਇਲਾਕਿਆਂ ’ਚ ਬਖਤਰਬੰਦ ਵਾਹਨਾਂ ਦੇ ਕਾਫਲੇ ਹੌਲੀ-ਹੌਲੀ ਚਲਦੇ ਨਜ਼ਰ ਆ ਰਹੇ ਹਨ।

ਗਾਜ਼ਾ ਦਾ ਸਭ ਤੋਂ ਵੱਡਾ ਹਸਪਤਾਲ ਹਮਾਸ ਬਣਿਆ ਅੱਤਵਾਦੀ ਸਰਗਰਮੀਆਂ ਦਾ ਗੜ੍ਹ ਇਜ਼ਰਾਈਲ ਦੀ ਫੌਜ ਅਤੇ ਇਸ ਦੀ ਖੁਫੀਆ ਏਜੰਸੀ ਸ਼ਿਨ ਬੇਟ ਨੇ ਪੁਸ਼ਟੀ ਕੀਤੀ ਕਿ ਹਮਾਸ ਅੱਤਵਾਦੀ ਆਪਣੀਆਂ ਸਰਗਰਮੀਆਂ ਲਈ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ‘ਸ਼ਿਫਾ’ ਦੀ ਵਰਤੋਂ ਕਰ ਰਹੇ ਹਨ। ਹਸਪਤਾਲ ਦੀ ਅੱਤਵਾਦੀ ਸਰਗਰਮੀਆਂ ਲਈ ਵਰਤੋਂ ਹੋਈ ਹੈ, ਇਸ ਦੇ ਸਬੂਤ ਸਾਹਮਣੇ ਆਏ ਹਨ।

ਰੂਸੀ-ਇਜ਼ਰਾਈਲ ਦੋਹਰੀ ਨਾਗਰਿਕਤਾ ਵਾਲੇ 8 ਬੰਧਕਾਂ ਨੂੰ ਰਿਹਾਅ ਕਰੇਗਾ ਹਮਾਸ : ਉੱਥੇ ਹੀ ਹਮਾਸ ਰੂਸੀ-ਇਜ਼ਰਾਈਲੀ ਦੋਹਰੀ ਨਾਗਰਿਕਤਾ ਵਾਲੇ 8 ਬੰਧਕਾਂ ਨੂੰ ਰਿਹਾਅ ਕਰਨ ਲਈ ਸਹਿਮਤ ਹੋ ਗਿਆ।


author

Rakesh

Content Editor

Related News