ਯਾਸੀਨ ਮਲਿਕ ਦੀ ਪਤਨੀ ਮਸ਼ਲ ਹੁਸੈਨ ਨੂੰ ਪਾਕਿਸਤਾਨ ਨੇ ਦਿੱਤਾ ਮੰਤਰੀ ਦਾ ਦਰਜਾ
Friday, Aug 18, 2023 - 11:52 AM (IST)
ਇਸਲਾਮਾਬਾਦ, (ਇੰਟ.)- ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦੇ ਹੀ ਕਸ਼ਮੀਰ ਦੇ ਗੁਣਗਾਨ ਕਰਨ ਵਾਲੇ ਅਨਵਰ-ਉਲ-ਹੱਕ ਕਾਕੜ ਨੇ ਕਸ਼ਮੀਰ ਵਾਦੀ ਦੇ ਵੱਖਵਾਦੀ ਨੇਤਾ ਅਤੇ ਕਈ ਲੋਕਾਂ ਦੇ ਕਤਲ ਦੇ ਦੋਸ਼ੀ ਯਾਸੀਨ ਮਲਿਕ ਦੀ ਪਤਨੀ ਮਸ਼ਲ ਮਲਿਕ ਹੁਸੈਨ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਹੈ।
ਕਾਕੜ ਨੇ 18 ਮੈਂਬਰੀ ਮੰਤਰੀ ਮੰਡਲ ਵਿਚ ਮਸ਼ਲ ਮਲਿਕ ਨੂੰ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੀ ਸਲਾਹਕਾਰ ਨਿਯੁਕਤ ਕੀਤਾ ਹੈ। ਮਸ਼ਲ ਮਲਿਕ ਨੇ 22 ਫਰਵਰੀ, 2009 ਨੂੰ ਰਾਵਲਪਿੰਡੀ ਵਿਚ ਯਾਸੀਨ ਮਲਿਕ ਨਾਲ ਵਿਆਹ ਕੀਤਾ ਸੀ। ਮਸ਼ਲ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਗ੍ਰੈਜੂਏਟ ਹੈ। ਮਸ਼ਲ ਆਪਣੀ 12 ਸਾਲਾ ਧੀ ਰਜ਼ੀਆ ਸੁਲਤਾਨਾ ਨਾਲ ਇਸਲਾਮਾਬਾਦ ਵਿਚ ਰਹਿੰਦੀ ਹੈ।
ਯਾਸੀਨ ਮਲਿਕ ਫਿਲਹਾਲ ਜੇਲ ’ਚ ਹੈ ਅਤੇ ਉਸ ਨੂੰ ਐੱਨ. ਆਈ. ਏ. ਵਲੋਂ ਦਰਜ ਅੱਤਵਾਦੀ ਫੰਡਿੰਗ ਮਾਮਲੇ ਵਿਚ 2019 ਦੀ ਸ਼ੁਰੂਆਤ ’ਚ ਗ੍ਰਿਫਤਾਰ ਕੀਤਾ ਗਿਆ ਸੀ। ਪਿਛਲੇ ਸਾਲ ਮਈ ਵਿਚ ਦਿੱਲੀ ਦੀ ਇਕ ਅਦਾਲਤ ਨੇ ਮਲਿਕ ਨੂੰ ਟੈਰਰ ਫੰਡਿੰਗ ਮਾਮਲੇ ’ਚ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।