ਇਸ ਕਾਰਨ ਪ੍ਰਿੰਸੀਪਲ ਨੇ ਕਟਵਾ ਦਿੱਤੇ 150 ਵਿਦਿਆਰਥਣਾਂ ਦੇ ਵਾਲ
Wednesday, Aug 14, 2019 - 02:48 PM (IST)

ਹੈਦਰਾਬਾਦ—ਤੇਲੰਗਾਨਾ ਦੇ ਮੇਢਕ ਜ਼ਿਲੇ 'ਚ ਇੱਕ ਅਜਿਹਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਾਣੀ ਦੀ ਕਮੀ ਕਾਰਨ ਪ੍ਰਿੰਸੀਪਲ ਨੇ 150 ਵਿਦਿਆਰਥਣਾਂ ਦੇ ਵਾਲ ਕਟਵਾ ਦਿੱਤੇ। ਦਰਅਸਲ ਇਹ ਮਾਮਲਾ ਗੁਰੂਕੁਲ ਸਕੂਲ ਦਾ ਹੈ, ਜਿੱਥੋਂ ਦੀ ਪ੍ਰਿੰਸੀਪਲ ਕੇ. ਅਰੁਣਾ ਨੇ ਜਬਰਦਸਤੀ 150 ਵਿਦਿਆਰਥਣਾਂ ਦੇ ਵਾਲ ਇਸ ਕਰਕੇ ਕਟਵਾ ਦਿੱਤੇ ਕਿਉਂਕਿ ਨਹਾਉਣ ਲਈ ਪਾਣੀ ਦੀ ਘਾਟ ਸੀ। ਪ੍ਰਿੰਸੀਪਲ ਦੇ ਇਸ ਕਦਮ ਤੋਂ ਬਾਅਦ ਸਕੂਲ 'ਚ ਉਨ੍ਹਾਂ ਖਿਲਾਫ ਪ੍ਰਦਰਸ਼ਨ ਹੋਇਆ। ਦੱਸ ਦੇਈਏ ਕਿ ਇਹ ਘਟਨਾ 2 ਦਿਨ ਪਹਿਲਾਂ ਵਾਪਰੀ ਸੀ ਪਰ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਵਿਦਿਆਰਥਣਾਂ ਨੂੰ ਮਿਲਣ ਉਨ੍ਹਾਂ ਦੇ ਮਾਤਾ-ਪਿਤਾ ਐਤਵਾਰ ਨੂੰ ਹੋਸਟਲ ਪਹੁੰਚੇ।
ਮਿਲੀ ਜਾਣਕਾਰੀ ਮੁਤਾਬਕ ਸਕੂਲ ਦੀ ਪ੍ਰਿੰਸੀਪਲ ਕੇ. ਅਰੁਣਾ ਨੇ ਕਥਿਤ ਤੌਰ 'ਤੇ ਦੋ ਨਾਈਆਂ ਨੂੰ ਹੋਸਟਲ ਬੁਲਾਇਆ ਅਤੇ ਵਿਦਿਆਰਥਣਾਂ ਨੂੰ 25 ਰੁਪਏ ਦੇਣ ਲਈ ਮਜ਼ਬੂਰ ਕੀਤਾ। ਇਸ ਘਟਨਾ ਤੋਂ ਬਾਅਦ ਵਿਦਿਆਰਥਣਾਂ ਦੇ ਮਾਤਾ-ਪਿਤਾ ਨੇ ਪ੍ਰਿੰਸੀਪਲ ਖਿਲਾਫ ਸਕੂਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਪਰ ਕੇ. ਅਰੁਣਾ ਨੇ ਸਾਰੇ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਅਤੇ ਦੱਸਿਆ ਕਿ ਸਾਫ-ਸਫਾਈ ਲਈ ਵਿਦਿਆਰਥਣਾਂ ਦੇ ਵਾਲ ਕਟਵਾਏ ਗਏ ਹਨ, ਕਿਉਂਕਿ ਕੁਝ ਵਿਦਿਆਰਥਣਾਂ ਚਿਹਰੇ ਦੀ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਕਿਹਾ ਕਿ ਵਾਲ ਵਿਦਿਆਰਥਣਾਂ ਦੀ ਸਹਿਮਤੀ ਨਾਲ ਕਟਵਾਏ ਗਏ ਹਨ ਅਤੇ ਹੋਸਟਲ 'ਚ ਪਾਣੀ ਦੀ ਕਮੀ ਵੀ ਇਸ ਦਾ ਮੁੱਖ ਕਾਰਨ ਹੈ। ਇਸ ਦੌਰਾਨ ਜ਼ਿਲਾ ਪ੍ਰਸ਼ਾਸਨ ਅਤੇ ਕਲਿਆਣ ਵਿਭਾਗ ਨੇ ਇਸ ਪੂਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।