ਦਰਦ ਨਾਲ ਤੜਫ ਰਿਹਾ ਸੀ ਬੱਚਾ, ਜਦੋਂ ਐਕਸਰੇਅ ਹੋਇਆ ਤਾਂ ਹੈਰਾਨ ਰਹਿ ਗਏ ਡਾਕਟਰ
Friday, Mar 06, 2020 - 11:50 AM (IST)
ਤੇਲੰਗਾਨਾ— ਤੇਲੰਗਾਨਾ 'ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਤਿੰਨ ਸਾਲ ਦੇ ਬੱਚੇ ਦੇ ਸਰੀਰ 'ਚੋਂ 11 ਸੂਈਆਂ ਕੱਢੀਆਂ ਹਨ। ਇਹ ਬੱਚਾ 6 ਮਹੀਨਿਆਂ ਤੋਂ ਦਰਦ ਨਾਲ ਪਰੇਸ਼ਾਨ ਸੀ ਪਰ ਘਰ ਦੇ ਲੋਕ ਘਰੇਲੂ ਇਲਾਜ ਅਤੇ ਸਾਧਾਰਨ ਦਵਾਈਆਂ ਦੇ ਕੇ ਪੇਟ ਦਰਦ ਤੋਂ ਰਾਹਤ ਦੇ ਰਹੇ ਸਨ ਪਰ ਜਦੋਂ ਸਮੱਸਿਆ ਵਧ ਗਈ ਅਤੇ ਬੱਚਾ ਦਰਦ ਨਾਲ ਲਗਾਤਾਰ ਰੋਂਦਾ ਰਿਹਾ ਤਾਂ ਪਰਿਵਾਰ ਵਾਲਿਆਂ ਨੇ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਜਦੋਂ ਬੱਚੇ ਦਾ ਐਕਸਰੇਅ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਬੱਚੇ ਦੇ ਪਿੱਠਸ ਪਿਛਲੇ ਹਿੱਸੇ ਅਤੇ ਪ੍ਰਾਈਵੇਟ ਪਾਰਟ ਦੇ ਨੇੜੇ-ਤੇੜੇ 11 ਸਿਲਾਈ ਵਾਲੀਆਂ ਸੂਈਆਂ ਸਨ।
ਤੇਲੰਗਾਨਾ ਦੇ ਵਾਨਾਪਰਥੀ ਜ਼ਿਲੇ ਦੇ ਵੀਪਨਗੰਡਲਾ 'ਚ ਰਹਿਣ ਵਾਲੇ ਇਸ ਬੱਚੇ ਦੇ ਪਿਤਾ ਪੀ. ਅਸ਼ੋਕ ਅਤੇ ਮਾਂ ਅੰਨਪੂਰਨਾ ਨੇ ਦੱਸਿਆ ਕਿ ਬੱਚਾ 6 ਮਹੀਨਿਆਂ ਤੋਂ ਦਰਦ ਨਾਲ ਤੜਫ ਰਿਹਾ ਸੀ। ਜਦੋਂ ਬੱਚੇ ਨੂੰ ਡਾਕਟਰ ਸ਼੍ਰੀਨਿਵਾਸ ਰੈੱਡੀ ਨੇ ਦੇਖਿਆ ਤਾਂ ਉਨ੍ਹਾਂ ਨੇ ਐਕਸਰੇਅ ਕਰਵਾਇਆ। ਐਕਸਰੇਅ 'ਚ ਪਤਾ ਲੱਗਾ ਕਿ ਬੱਚੇ ਦੇ ਸਰੀਰ 'ਚ 11 ਸੂਈਆਂ ਹਨ। ਡਾਕਟਰ ਸ਼੍ਰੀਨਿਵਾਸ ਰੈੱਡੀ ਨੇ ਆਪਰੇਸ਼ਨ ਕਰ ਕੇ ਬੱਚੇ ਦੇ ਸਰੀਰ 'ਚੋਂ 8 ਸੂਈਆਂ ਕੱਢ ਦਿੱਤੀਆਂ ਹਨ ਬਾਕੀ ਤਿੰਨ ਸੂਈਆਂ ਬਾਅਦ 'ਚ ਕੱਢੀਆਂ ਜਾਣਗੀਆਂ। ਹਾਲੇ ਬੱਚੇ ਦੀ ਹਾਲਤ ਸਥਿਰ ਹੈ। ਬੱਚੇ ਦੇ ਮਾਤਾ-ਪਿਤਾ ਨੂੰ ਸ਼ੱਕ ਹੈ ਕਿ ਇਹ ਸੂਈਆਂ ਰਿਸ਼ਤੇਦਾਰਾਂ 'ਚੋਂ ਹੀ ਕਿਸੇ ਨੇ ਬੱਚੇ ਨੂੰ ਚੁਭਾਈਆਂ ਹਨ। ਇਨ੍ਹਾਂ ਨੇ ਪੁਲਸ ਸਟੇਸ਼ਨ 'ਚ ਕੇਸ ਦਰਜ ਕਰਵਾਇਆ ਹੈ। ਪੁਲਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ।