ਤੇਲੰਗਾਨਾ ਦੇ ਕਾਂਗਰਸੀ ਮੁੱਖ ਮੰਤਰੀ ਰੇਵੰਤ ਰੈੱਡੀ ਦੀ ਰਣਨੀਤਕ ਚਾਲ ਨੇ ਕੀਤਾ ਸਾਰਿਆਂ ਨੂੰ ਹੈਰਾਨ
Friday, May 24, 2024 - 05:07 PM (IST)
ਨਵੀਂ ਦਿੱਲੀ- ਤੇਲੰਗਾਨਾ ਦੇ ਕਾਂਗਰਸੀ ਮੁੱਖ ਮੰਤਰੀ ਇਕ ਅਜਿਹੇ ਚਾਲਾਕ ਸਿਆਸਤਦਾਨ ਬਣ ਗਏ ਹਨ ਜਿਨ੍ਹਾਂ ਦੀ ਰਣਨੀਤਕ ਕਾਬਲੀਅਤ ਨੇ ਕਾਂਗਰਸ ਦੇ ਨਾਲ-ਨਾਲ ਭਾਜਪਾ ਦੀ ਉੱਚ ਲੀਡਰਸ਼ਿਪ ਨੂੰ ਵੀ ਹੈਰਾਨ ਕਰ ਦਿੱਤਾ ਹੈ। ਕਾਂਗਰਸ ਲੀਡਰਸ਼ਿਪ ਉਦੋਂ ਹੈਰਾਨ ਰਹਿ ਗਈ ਜਦੋਂ ਇਹ ਰਿਪੋਰਟਾਂ ਆਈਆਂ ਕਿ ਮੁੱਖ ਮੰਤਰੀ ਰੇਵੰਤ ਰੈੱਡੀ ਨੇ 13 ਮਈ ਨੂੰ ਸੰਪੰਨ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿਚ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼ ਵਿਚ ਟੀ. ਡੀ. ਪੀ. ਨੇਤਾ ਚੰਦਰਬਾਬੂ ਨਾਇਡੂ ਦੀ ਮਦਦ ਕੀਤੀ।
ਇਹ ਖੁਲਾਸਾ ਹੋਇਆ ਕਿ ਰੇਵੰਤ ਰੈੱਡੀ ਵਾਈ. ਐੱਸ. ਆਰ. ਸੀ. ਪੀ. ਨੇਤਾ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨਮੋਹਨ ਰੈੱਡੀ ਦੇ ਆਪਣੇ ਤੇਲੰਗਾਨਾ ਦੇ ਹਮਰੁਤਬਾ ਬੀ. ਆਰ. ਐੱਸ. ਆਗੂ ਕੇ. ਚੰਦਰਸ਼ੇਖਰ ਰਾਓ ਨਾਲ ਹੱਥ ਮਿਲਾਉਣ ’ਤੇ ਬੇਹੱਦ ਨਾਰਾਜ਼ ਸਨ। ਵਾਈ. ਐੱਸ. ਆਰ. ਸੀ. ਪੀ.- ਬੀ. ਆਰ. ਐੱਸ. ਦੋਸਤੀ ਦਾ ਕਾਰਨ ਇਹ ਸੀ ਕਿ ਜਗਨਮੋਹਨ ਰੈੱਡੀ ਚਾਹੁੰਦੇ ਸਨ ਕਿ ਕੇ. ਸੀ. ਆਰ. ਹੈਦਰਾਬਾਦ ਵਿਚ ਰਹਿਣ ਵਾਲੇ ਖਾਮਾ ਭਾਈਚਾਰੇ ਨਾਲ ਸਬੰਧਤ ਵਪਾਰੀਆਂ ਨੂੰ ਪ੍ਰੇਸ਼ਾਨ ਕਰਨ।
ਖੁਸ਼ਹਾਲ ਖਾਮਾ ਭਾਈਚਾਰਾ ਚੰਦਰਬਾਬੂ ਨਾਇਡੂ ਦੀ ਮਦਦ ਕਰਦਾ ਹੈ ਜੋ ਉਨ੍ਹਾਂ ਦੇ ਭਾਈਚਾਰੇ ਦੇ ਸ਼ਕਤੀਸ਼ਾਲੀ ਨੇਤਾ ਹਨ।ਰੇਵੰਤ ਰੈੱਡੀ ਨੇ ਆਪਣੀ ਪਾਰਟੀ ਹਾਈ ਕਮਾਂਡ ਨੂੰ ਦਲੀਲ ਦਿੱਤੀ ਕਿ ਉਨ੍ਹਾਂ ਨੇ ਵਾਈ. ਐੱਸ. ਆਰ. ਸੀ. ਪੀ. ਨੂੰ ਡੇਗਣ ਵਿਚ ਨਾਇਡੂ ਦੀ ਮਦਦ ਕੀਤੀ ਕਿਉਂਕਿ ਇਹ ਕਾਂਗਰਸ ਦੀ ਸ਼ਾਖਾ ਸੀ। ਇਸ ਨਾਲ ਸੂਬੇ ਵਿਚ ਜਗਨਮੋਹਨ ਰੈੱਡੀ ਦੀ ਸਿਆਸੀ ਸਰਦਾਰੀ ਨੂੰ ਢਹਿ-ਢੇਰੀ ਕਰਨ ਵਿਚ ਆਂਧਰਾ ਪ੍ਰਦੇਸ਼ ਕਾਂਗਰਸ ਦੇ ਮੁਖੀ ਵਾਈ. ਐੱਸ. ਸ਼ਰਮੀਲਾ ਨੂੰ ਵੀ ਮਦਦ ਮਿਲੇਗੀ। ਨਾਇਡੂ ਨੇ ਸ਼ਰਮੀਲਾ ਨੂੰ ਉਨ੍ਹਾਂ ਦੀ ਲੋਕ ਸਭਾ ਸੀਟ ਜਿੱਤਣ ’ਚ ਮਦਦ ਕੀਤੀ ਸੀ। ਦੂਜਾ, ਰੇਵੰਤ ਰੈੱਡੀ ਗੁਆਂਢ ਵਿਚ ਇਕ ਦੋਸਤਾਨਾ ਸਰਕਾਰ ਚਾਹੁੰਦੇ ਸਨ।