ਟੀ.ਡੀ.ਪੀ. ਦੇ ਸਾਬਕਾ ਸੰਸਦ ਮੈਂਬਰ ਸ਼ਿਵ ਪ੍ਰਸਾਦ ਦਿਹਾਂਤ

09/21/2019 4:24:37 PM

ਚੇਨਈ— ਤੇਲੁਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਦੇ ਸਾਬਕਾ ਸੰਸਦ ਮੈਂਬਰ ਐੱਨ. ਸ਼ਿਵ ਪ੍ਰਸਾਦ ਦਾ ਅੱਜ ਯਾਨੀ 21 ਸਤੰਬਰ ਨੂੰ ਦਿਹਾਂਤ ਹੋ ਗਿਆ। ਉਹ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਇਲਾਜ ਚੇਨਈ ਦੇ ਅਪੋਲੋ ਹਸਪਤਾਲ 'ਚ ਚੱਲ ਰਿਹਾ ਸੀ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਐੱਨ. ਸ਼ਿਵ ਪ੍ਰਸਾਦ ਸੰਸਦ 'ਚ ਕਦੇ ਨਾਰਦ ਤਾਂ ਕਦੇ ਸੁਦਾਮਾ ਬਣ ਕੇ ਜਾਂਦੇ ਸਨ। ਇਸ ਕਾਰਨ ਉਹ ਸੰਸਦ 'ਚ ਕਾਫ਼ੀ ਫੇਮਸ ਹੋਏ ਸਨ।

ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਟੀ.ਡੀ.ਪੀ. ਪ੍ਰਧਾਨ ਚੰਦਰਬਾਬੂ ਨਾਇਡੂ ਨੇ ਐੱਨ. ਸ਼ਿਵ ਪ੍ਰਸਾਦ ਦੇ ਦਿਹਾਂਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ। ਨਾਇਡੂ ਨੇ ਕਿਹਾ ਕਿ ਸ਼ਿਵ ਪ੍ਰਸਾਦ ਉਨ੍ਹਾਂ ਦੇ ਦੋਸਤ ਵਰਗੇ ਸਨ। ਚੰਦਰਬਾਬੂ ਨਾਇਡੂ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਵਾਉਣ 'ਚ ਉਨ੍ਹਾਂ ਦਾ ਸੰਘਰਸ਼ ਯਾਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੀ ਵੰਡ ਦੌਰਾਨ ਵੀ ਉਨ੍ਹਾਂ ਨੇ ਅਹਿਮ ਰੋਲ ਅਦਾ ਕੀਤਾ। ਚੰਦਰਬਾਬੂ ਨਾਇਡੂ ਨੇ ਕਿਹਾ ਕਿ ਐੱਨ. ਸ਼ਿਵ ਪ੍ਰਸਾਦ ਦਾ ਦਿਹਾਂਤ ਨਾ ਸਿਰਫ਼ ਚਿੱਤੂਰ ਲਈ ਸਗੋਂ ਪੂਰੇ ਆਂਧਰਾ ਪ੍ਰਦੇਸ਼ ਲਈ ਡੂੰਘਾ ਨੁਕਸਾਨ ਹੈ। ਨਾਇਡੂ ਨੇ ਕਿਹਾ ਕਿ ਇਸ ਹਫ਼ਤਾ ਪਾਰਟੀ ਦੇ 2 ਸੀਨੀਅਰ ਨੇਤਾ ਦੁਨੀਆ ਛੱਡ ਕੇ ਚੱਲੇ ਗਏ, ਇਹ ਟੀ.ਡੀ.ਪੀ. ਲਈ ਬੇਹੱਦ ਦੁਖਦ ਘੜੀ ਹੈ।

ਨਾਰਾਮੱਲੀ ਸ਼ਿਵ ਪ੍ਰਸਾਦ 2009 ਦੀਆਂ ਲੋਕ ਸਭਾ ਚੋਣਾਂ 'ਚ ਚਿੱਤੂਰ ਲੋਕ ਸਭਾ ਖੇਤਰ ਤੋਂ ਚੋਣਾਂ ਜਿੱਤੀਆਂ ਸਨ। ਉਨ੍ਹਾਂ ਦਾ ਜਨਮ 11 ਜੁਲਾਈ 1951 ਨੂੰ ਹੋਇਆ ਸੀ। ਉਨ੍ਹਾਂ ਨੇ ਸਿਨੇਮਾ ਦੇ ਖੇਤਰ 'ਚ ਵੀ ਕੰਮ ਕੀਤਾ ਸੀ। ਸ਼ਿਵ ਪ੍ਰਸਾਦ ਆਂਧਰਾ ਪ੍ਰਦੇਸ਼ ਦੀ ਵੰਡ ਦੇ ਸਖਤ ਵਿਰੁੱਧ ਸਨ ਅਤੇ ਲੋਕ ਸਭਾ 'ਚ ਕਈ ਵਾਰ ਪ੍ਰਦਰਸ਼ਨ ਕਰ ਚੁਕੇ ਸਨ। ਆਂਧਰਾ ਪ੍ਰਦੇਸ਼ ਦੀ ਵੰਡ ਵਿਰੁੱਧ ਸੰਸਦ 'ਚ ਪ੍ਰਦਰਸ਼ਨ ਕਰਨ 'ਤੇ ਉਨ੍ਹਾਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ। ਆਂਧਰਾ ਪ੍ਰਦੇਸ਼ ਦੀ ਵੰਡ ਤੋਂ ਬਾਅਦ ਰਾਜ ਦੇ ਵਿਸ਼ੇਸ਼ ਦਰਜੇ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੇ ਸੰਵਿਧਾਨ ਨਿਰਮਾਤਾ ਬੀ.ਆਰ. ਅੰਬੇਡਕਰ ਦੀ ਪੋਸ਼ਾਕ ਪਾ ਕੇ ਸੰਸਦ ਕੈਂਪਸ 'ਚ ਪ੍ਰਦਰਸ਼ਨ ਕੀਤਾ ਸੀ।


DIsha

Content Editor

Related News