ਕੋਰੋਨਾ ਮੌਤ ਦਰ ਘੱਟ ਕਰਨ ਦੀ ਉਮੀਦ ਜਗਾ ਰਹੀ TB ਦੀ ਵੈਕਸੀਨ BCG : ਸਟੱਡੀ
Friday, Jul 10, 2020 - 11:23 PM (IST)
ਵਰਜੀਨੀਆ - ਕੋਰੋਨਾਵਾਇਰਸ ਲਾਗ ਤੋਂ ਲੋਕਾਂ ਨੂੰ ਬਚਾਉਣ ਅਤੇ ਇਲਾਜ ਕਰਨ ਲਈ ਵੈਕਸੀਨ ਅਤੇ ਦਵਾਈ ਲੱਭਣ ਵਿਚ ਸਾਇੰਸਦਾਨ ਲੱਗੇ ਹੋਏ ਹਨ। ਇਸ ਵਿਚਾਲੇ ਟੀ. ਬੀ. ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਦੀਆਂ ਪੁਰਾਣੀ ਦਵਾਈ ਬੀ. ਸੀ. ਜੀ. ਨਾਲ ਕੋਰੋਨਾ ਕਾਰਨ ਮੌਤ ਦਰ ਨੂੰ ਘੱਟ ਕਰਨ ਦੀ ਉਮੀਦ ਜਾਗੀ ਹੈ। ਇਕ ਸਟੱਡੀ ਵਿਚ ਪਾਇਆ ਗਿਆ ਹੈ ਕਿ ਅਮਰੀਕਾ ਜਿਹੇ ਵਿਕਸਤ ਦੇਸ਼ ਦੇ ਮੁਕਾਬਲੇ ਲੈਟਿਨ ਅਮਰੀਕਾ ਅਤੇ ਦੂਜੇ ਵਿਕਾਸਸ਼ੀਲ ਦੇਸ਼ਾਂ ਵਿਚ ਮੌਤ ਦਰ ਘੱਟ ਹੋਣ ਦੇ ਪਿੱਛੇ ਇਕ ਕਾਰਨ ਟੀ. ਬੀ. ਦੀ ਵੈਕਸੀਨ ਹੋ ਸਕਦੀ ਹੈ।
ਜ਼ਿਆਦਾ ਸੰਘਣੀ ਆਬਾਦੀ, ਫਿਰ ਵੀ ਮੌਤ ਦਰ ਘੱਟ
ਵਰਜੀਨੀਆ ਟੇਕ ਦੇ ਕਾਲਜ ਆਫ ਨੈਚਰਲ ਰਿਸੋਰਸਜ਼ ਐਂਡ ਐਨਵਾਇਰਨਮੈਂਟ ਵਿਚ ਅਸਿਸਟੈਂਟ ਪ੍ਰੋਫੈਸਰ ਲੁਇਸ ਐਸਕੋਬਾਰ ਨੇ ਇਸ ਗੱਲ 'ਤੇ ਖੋਜ ਕੀਤੀ ਕਿ ਕੁਝ ਵਿਕਾਸਸ਼ੀਲ ਦੇਸ਼ਾਂ ਵਿਚ ਅਮਰੀਕਾ ਦੇ ਮੁਕਾਬਲੇ ਘੱਟ ਮੌਤ ਦਰ ਕਿਵੇਂ ਹੈ, ਜਦਕਿ ਉਥੇ ਆਬਾਦੀ ਜ਼ਿਆਦਾ ਵੀ ਹੈ ਅਤੇ ਸੰਘਣੀ ਵੀ। ਸਟੱਡੀ ਵਿਚ ਪਾਇਆ ਗਿਆ ਕਿ ਜਿਨ੍ਹਾਂ ਦੇਸ਼ਾਂ ਵਿਚ ਕੋਵਿਡ-19 ਦੀ ਥਾਂ ਮੌਤ ਦਰ ਘੱਟ ਹੈ, ਉਥੇ ਲੋਕਾਂ ਦੀ ਉਮਰ, ਆਮਦਨ ਅਤੇ ਹੈਲਥ ਕੇਅਰ ਸੁਵਿਧਾਵਾਂ ਨੂੰ ਲੈ ਕੇ ਭਾਰੀ ਵਿਭਿੰਨਤਾ ਸੀ। ਹਾਲਾਂਕਿ, ਇਨਾਂ ਸਾਰਿਆਂ ਵਿਚ ਇਕ ਚੀਜ਼ ਸਮਾਨ ਸੀ - ਟੀ. ਬੀ. ਦਾ ਵੈਕਸੀਨੇਸ਼ਨ ਪ੍ਰੋਗਰਾਮ।
ਵਿਕਾਸਸ਼ੀਲ ਦੇਸ਼ਾਂ ਨੂੰ ਫਾਇਦਾ
ਟੀ. ਬੀ. ਦੀ ਦਵਾਈ ਬੇਸੀਲਸ ਕੈਲਮੇਟ ਗਯੂਰਿਨ (ਬੀ. ਸੀ. ਜੀ.) ਨੂੰ ਆਮ ਤੌਰ 'ਤੇ ਅਮਰੀਕਾ ਵਿਚ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਬੀਮਾਰੀ ਵਿਕਾਸਸ਼ੀਲ ਦੇਸ਼ਾਂ ਵਿਚ ਹੀ ਜ਼ਿਆਦਾ ਹੁੰਦੀ ਹੈ। ਸਟੱਡੀ ਵਿਚ ਪਾਇਆ ਗਿਆ ਕਿ ਬੀ. ਸੀ. ਜੀ. ਵੈਕਸੀਨ ਪ੍ਰੋਗਰਾਮ ਅਤੇ ਕੋਵਿਡ-19 ਕਾਰਨ ਮੌਤ ਦਰ ਵਿਚ ਆਪਸ ਵਿਚ ਡੂੰਘਾ ਸਬੰਧ ਹੈ। ਖੋਜਕਾਰਾਂ ਦਾ ਆਖਣਾ ਹੈ ਕਿ ਬੀ. ਸੀ. ਜੀ. ਇੰਡੈਕਸ ਵਿਚ 10 ਫੀਸਦੀ ਵਾਧੇ ਦੇ ਨਾਲ ਕੋਵਿਡ-19 ਦੀ ਮੌਤ ਦਰ 10.4 ਫੀਸਦੀ ਘੱਟ ਹੋ ਸਕਦੀ ਹੈ।
ਡਬਲਯੂ. ਐਚ. ਓ. ਨੇ ਚੁੱਕੇ ਸਨ ਸਵਾਲ
ਖਾਸ ਗੱਲ ਇਹ ਹੈ ਕਿ ਅਪ੍ਰੈਲ ਵਿਚ ਡਬਲਯੂ. ਐਚ. ਓ. ਨੇ ਸਾਫ ਆਖਿਆ ਸੀ ਕਿ ਬੀ. ਸੀ. ਜੀ. ਵੈਕਸੀਨ ਦੇ ਕੋਵਿਡ-19 ਤੋਂ ਲੋਕਾਂ ਨੂੰ ਬਚਾਉਣ ਦਾ ਕੋਈ ਸਬੂਤ ਨਹੀਂ ਹੈ ਕਿਉਂਕਿ ਇਸ 'ਤੇ ਜ਼ਿਆਦਾਤਰ ਖੋਜ ਵਿਚ ਲੋਕ ਸਮਾਜ ਦੇ ਅੰਦਰ, ਟੈਸਟਿੰਗ, ਮਹਾਮਾਰੀ ਦੇ ਪੱਧਰ ਜਿਵੇਂ ਕਈ ਮਾਨਕਾਂ ਦਾ ਧਿਆਨ ਨਹੀਂ ਰੱਖਦੇ ਹਨ। ਹਾਲਾਂਕਿ, ਐਸਕੋਬਾਰ ਦਾ ਆਖਣਾ ਹੈ ਕਿ ਉਨ੍ਹਾਂ ਦੀ ਟੀਮ ਨੇ ਸਾਰਿਆਂ ਸਮਾਜਿਕ ਫਰਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਨੈਲੇਸਿਸ ਕੀਤਾ ਹੈ।
ਕੀ ਹੈ ਬੀ. ਸੀ. ਜੀ.
ਬੇਸੀਲਸ ਕੈਲਮੇਟ-ਗਯੂਰਿਨ (ਬੀ. ਸੀ. ਜੀ.) ਕਰੀਬ 100 ਸਾਲ ਪਹਿਲਾਂ ਤਿਆਰ ਕੀਤੀ ਗਈ ਸੀ। ਇਸ ਨਾਲ ਟੀ. ਬੀ. ਦੇ ਬੈਕਟੀਰੀਆ ਖਿਲਾਫ ਇਮਿਊਨਿਟੀ ਪੈਦਾ ਹੁੰਦੀ ਹੈ। ਇਸ ਦੇ ਟੀਕੇ ਨਾਲ ਲੋਕਾਂ ਦਾ ਇਮਿਊਨ ਸਿਸਟਮ ਬਿਹਤਰ ਹੁੰਦਾ ਹੈ ਅਤੇ ਖੁਦ ਨੂੰ ਕਈ ਵਾਇਰਸਾਂ ਤੋਂ ਬਚਾਇਆ ਜਾ ਸਕਦਾ ਹੈ। ਵੈਕਸੀਨੇਸ਼ਨ ਦੇ 60 ਸਾਲ ਬਾਅਦ ਤੱਕ ਜ਼ਿਆਦਾਤਰ ਲੋਕਾਂ ਵਿਚ ਟੀ. ਬੀ. ਦਾ ਬੈਕਟੀਰੀਆ ਦਾਖਲ ਨਾ ਹੋ ਸਕਿਆ। ਇਹ ਟੀਕਾ ਕਈ ਹੋਰ ਵਾਇਰਸ ਰੋਗਾਂ ਖਿਲਾਫ ਵੀ ਮਨੁੱਖੀ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ, ਜਿਵੇਂ ਕੋਰੋਨਾ ਦੇ ਕੇਸ ਵਿਚ ਮੰਨਿਆ ਜਾ ਰਿਹਾ ਹੈ।