ਤਾਮਿਲਨਾਡੂ ’ਚ ਨੀਟ ਪ੍ਰੀਖਿਆ ’ਚ ਘੱਟ ਅੰਕ ਆਉਣ ਤੋਂ ਦੁਖੀ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
Sunday, Nov 07, 2021 - 10:36 AM (IST)
ਚੇਨਈ (ਭਾਸ਼ਾ)– ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ (ਨੀਟ) ਵਿਚ ਘੱਟ ਅੰਕ ਹਾਸਲ ਕਰਨ ਕਾਰਨ ਨਿਰਾਸ਼ 20 ਸਾਲ ਦੇ ਇਕ ਵਿਦਿਆਰਥੀ ਨੇ ਸ਼ਨੀਵਾਰ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਵਦਗੁਮਾਰੈ ਦੇ ਰਹਿਣ ਵਾਲੇ ਸੁਭਾਸ਼ ਚੰਦਰ ਬੋਸ ਨੇ ਨੀਟ ਦੀ ਪ੍ਰੀਖਿਆ ਦਿੱਤੀ ਸੀ, ਜਿਸ ਦੇ ਨਤੀਜੇ 4 ਦਿਨ ਪਹਿਲਾਂ ਐਲਾਨੇ ਗਏ ਸਨ। ਇਸ ਪ੍ਰੀਖਿਆ ਵਿਚ ਉਸ ਨੂੰ ਘੱਟ ਅੰਕ ਮਿਲੇ ਸਨ। ਨੀਟ ਪ੍ਰੀਖਿਆ ਨੂੰ ਪਾਸ ਨਾ ਕਰ ਸਕਣ ਕਾਰਨ ਨਿਰਾਸ਼ ਉਸ ਨੇ ਕੀੜੇਮਾਰ ਦਵਾਈ ਪੀ ਲਈ। ਵਿਦਿਆਰਥੀ ਦੇ ਮਾਤਾ-ਪਿਤਾ ਉਸ ਨੂੰ ਸਰਕਾਰੀ ਹਸਪਤਾਲ ਲੈ ਗਏ। ਪੁਲਸ ਨੇ ਦੱਸਿਆ ਕਿ ਬੋਸ ਦੀ ਹਾਲਤ ਗੰਭੀਰ ਸੀ, ਇਸ ਲਈ ਉਸ ਨੂੰ ਸਲੇਮ ਦੇ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਪਰ ਉਸ ਦੀ ਮੌਤ ਹੋ ਗਈ।
ਵਿਦਿਆਰਥੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਕਈ ਰਿਸ਼ਤੇਦਾਰ ਇਕੱਠੇ ਹੋਏ। ਇਸ ਘਟਨਾ 'ਤੇ ਗੁੱਸਾ ਜ਼ਾਹਰ ਕਰਨ ਦੇ ਨਾਲ ਹੀ ਅੰਨਾਦਰਮੁੱਕ ਦੇ ਸੀਨੀਅਰ ਨੇਤਾ ਕੇ. ਪਲਾਨੀਸਵਾਮੀ ਨੇ ਮ੍ਰਿਤਕ ਦੇ ਪਰਿਵਾਰ ਪ੍ਰਤੀ ਹਮਦਰਦੀ ਜਤਾਈ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੇ ਗਲਤ ਕਦਮ ਨਾ ਚੁੱਕਣ।