ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਉਣ ਵਾਲਿਆਂ ’ਤੇ ਸ਼ਿਕੰਜਾ, 19 ਐੱਫ. ਆਈ. ਆਰਜ਼ ਦਰਜ

Sunday, Jun 19, 2022 - 12:35 PM (IST)

ਸੋਸ਼ਲ ਮੀਡੀਆ ’ਤੇ ਅਫਵਾਹਾਂ ਫੈਲਾਉਣ ਵਾਲਿਆਂ ’ਤੇ ਸ਼ਿਕੰਜਾ, 19 ਐੱਫ. ਆਈ. ਆਰਜ਼ ਦਰਜ

ਨਵੀਂ ਦਿੱਲੀ– ਸੋਸ਼ਲ ਮੀਡੀਆ ਰਾਹੀਂ ਦੋ ਭਾਈਚਾਰਿਆਂ ਦਰਮਿਆਨ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। ਸਪੈਸ਼ਲ ਸੈੱਲ ਵੱਲੋਂ ਸੋਸ਼ਲ ਮੀਡੀਆ ਦੀ ਮਾਨੀਟਰਿੰਗ ਦੌਰਾਨ ਕਈ ਅਜਿਹੀਆਂ ਪੋਸਟਾਂ ਅਤੇ ਟਵੀਟਸ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਰਾਹੀਂ ਅਫਵਾਹਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹੇ ਮਾਮਲਿਆਂ ਨੂੰ ਲੈ ਕੇ ਹੁਣ ਤਕ ਦਿੱਲੀ ਪੁਲਸ ਨੇ 19 ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ।

ਅਜਿਹੇ ਹੀ ਇਕ ਮਾਮਲੇ ਵਿਚ ਪੁਲਸ ਨੇ ਭੀਮ ਸੈਨਾ ਦੇ ਮੁਖੀ ਨਵਾਬ ਸਤਪਾਲ ਤੰਵਰ ਨੂੰ ਬੀਤੇ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਕਈ ਟਵਿੱਟਰ ਹੈਂਡਲ ਅਤੇ ਫੇਸਬੁੱਕ ਪ੍ਰੋਫਾਈਲਾਂ ਬਣਾਈਆਂ ਹੋਈਆਂ ਹਨ। ਇਸ ’ਤੇ ਉਨ੍ਹਾਂ ਨੇ ਇਕ ਵੀਡੀਓ ਪਾਈ ਸੀ, ਜਿਸ ’ਚ ਉਨ੍ਹਾਂ ਨੇ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਦੀ ਜੀਭ ਕੱਟਣ ’ਤੇ 1 ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ।

ਓਧਰ ਸ਼ੁੱਕਰਵਾਰ ਨੂੰ ਜਾਮਾ ਮਸਜਿਦ ’ਚ ਨਮਾਜ਼ ਅਦਾ ਕਰਨ ਤੋਂ ਬਾਅਦ ਕੁਝ ਲੋਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਸੀ। ਤੁਰੰਤ ਜਾਮਾ ਮਸਜਿਦ ਥਾਣੇ ਦੀ ਪੁਲਸ ਨੇ 9 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ ਸੀ। ਇਨ੍ਹਾਂ ਲੋਕਾਂ ਤੋਂ ਸਥਾਨਕ ਪੁਲਸ ਦੇ ਨਾਲ-ਨਾਲ ਆਈ. ਬੀ., ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪੁੱਛਗਿੱਛ ਕੀਤੀ। ਇਨ੍ਹਾਂ ਸਾਰਿਆਂ ਨੂੰ ਉਸੇ ਦਿਨ ਦੇਰ ਰਾਤ 2 ਵਜੇ ਛੱਡ ਦਿੱਤਾ ਗਿਆ ਸੀ।

ਸੋਸ਼ਲ ਮੀਡੀਆ ਨੂੰ ਹੋਰ ਜਵਾਬਦੇਹ ਬਣਾਉਣ ਲਈ ਕਾਨੂੰਨ ’ਚ ਕਰਾਂਗੇ ਬਦਲਾਅ
ਸੂਚਨਾ ਟੈਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਵਧੇਰੇ ਜਵਾਬਦੇਹ ਬਣਾਉਣ ਲਈ ਦੇਸ਼ ’ਚ ਸਪੱਸ਼ਟ ਰੂਪ ’ਚ ਸਹਿਮਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਲਈ ਜ਼ਰੂਰੀ ਕਾਨੂੰਨੀ ਬਦਲਾਅ ਅਤੇ ਰੈਗੂਲੇਸ਼ਨ ਲਿਆਵੇਗੀ।

ਵੈਸ਼ਨਵ ਨੇ ਕਿਹਾ ਕਿ ਮੋਬਾਈਲ ਫੋਨਾਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇੰਟਰਨੈੱਟ ਦੀ ਪਹੁੰਚ ਨੇ ਸ਼ਕਤੀਸ਼ਾਲੀ ਅਤੇ ਪਰਿਵਰਤਨਸ਼ੀਲ ਤਬਦੀਲੀਆਂ ਲਿਆਂਦੀਆਂ ਹਨ ਪਰ ਇਸ ਦੇ ਨਾਲ ਜ਼ਿੰਮੇਵਾਰੀ ਦੀ ਭਾਵਨਾ ਵੀ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਅਤੇ ਡਿਜੀਟਲ ਦੁਨੀਆ ਨੂੰ ਵਧੇਰੇ ਜਵਾਬਦੇਹ ਬਣਾਉਣ ਦੀ ਲੋੜ ਹੈ।

ਸੂਚਨਾ ਟੈਕਨਾਲੋਜੀ ਮੰਤਰੀ ਨੇ ਕਿਹਾ, ‘ਕਾਨੂੰਨ ’ਚ ਜੋ ਵੀ ਬਦਲਾਅ ਕੀਤੇ ਜਾਣੇ ਹਨ, ਅਸੀਂ ਉਹ ਕਰਾਂਗੇ। ਜੇਕਰ ਤੁਸੀਂ ਦੁਨੀਆ ਭਰ ’ਚ ਵੀ ਦੇਖੋ, ਤਾਂ ਰੁਝਾਨ ਸੋਸ਼ਲ ਮੀਡੀਆ ਨੂੰ ਜਵਾਬਦੇਹ ਬਣਾਉਣ ਦਾ ਹੈ। ਭਾਰਤ ’ਚ ਵੀ ਅਜਿਹਾ ਹੀ ਹੈ ਅਤੇ ਜਿਵੇਂ ਮੈਂ ਕਿਹਾ ਹੈ, ਕਾਨੂੰਨੀ ਕਦਮ ਵੀ ਚੁੱਕੇ ਜਾਣਗੇ।’


author

Rakesh

Content Editor

Related News