263 ਭਾਰਤੀਆਂ ਨੂੰ ਮੌਤ ਦੇ ਮੂੰਹ ’ਚੋਂ ਕੱਢ ਲਿਆਉਣ ਵਾਲੀ ਭਾਰਤੀ ਪਾਇਲਟ ਨੂੰ ਦੇਸ਼ ਕਰ ਰਿਹੈ ਸਲਾਮ

03/24/2020 1:58:57 PM

ਅਹਿਮਦਾਬਾਦ— ਭਾਰਤ ’ਚ ਕੋਰੋਨਾ ਵਾਇਰਸ ਦੇ ਕਈ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਕਈ ਸੂਬਿਆਂ ਨੂੰ ਪੂਰੀ ਤਰ੍ਹਾਂ ਲਾਕ ਡਾਊਨ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਇਟਲੀ ਦੇਸ਼ ਝੱਲ ਰਿਹਾ ਹੈ। ਵਾਇਰਸ ਦੇ ਕਹਿਰ ਤੋਂ ਤਬਾਹ ਹੋਏ ਇਟਲੀ ’ਚ ਫਸੇ 263 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਬੀਤੇ ਦਿਨੀਂ ਭਾਰਤ ਪਹੁੰਚਾ। ਇਸ ਦਰਮਿਆਨ ਸਭ ਤੋਂ ਜ਼ਿਆਦਾ ਸ਼ਲਾਘਾ ਇਕ ਮਹਿਲਾ ਪਾਇਲਟ ਦੀ ਹੋ ਰਹੀ ਹੈ, ਜਿਸ ਦਾ ਨਾਂ ਹੈ, ਸਵਾਤੀ ਰਾਵਲ। ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਜੋ ਇਟਲੀ ਤੋਂ ਭਾਰਤੀਆਂ ਨੂੰ ਲਿਆਈ ਹੈ, ਉਸ ਦੀ ਪਾਇਲਟ ਸਵਾਤੀ ਰਾਵਲ ਸੀ।

PunjabKesari

ਸਵਾਤੀ ਰਾਵਲ ਜਦੋਂ ਦੇਸ਼ ਪਹੁੰਚੀ ਤਾਂ ਸਿਰਫ ਗੁਜਰਾਤ ਲਈ ਹੀ ਨਹੀਂ, ਸਗੋਂ ਕਿ ਪੂਰੇ ਦੇਸ਼ ਲਈ ਮਾਣ ਦਾ ਪਲ ਸੀ। ਇਨ੍ਹਾਂ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨੇ ਨਾ ਸਿਰਫ ਸੈਂਕੜੇ ਭਾਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਚ ਉਮੀਦ ਜਗਾਈ ਸਗੋਂ ਪੂਰੀ ਦੁਨੀਆ ਨੂੰ ਇਹ ਸੰਦੇਸ਼ ਦਿੱਤਾ ਕਿ ਖਤਰਾ ਚਾਹੇ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਭਾਰਤ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਹੈ। 

PunjabKesari

ਸਵਾਤੀ ਦੇ ਪਿਤਾ ਐੱਸ. ਡੀ. ਰਾਵਲ ਨੇ ਕਿਹਾ ਕਿ ਜਦੋਂ ਮੇਰੀ ਧੀ ਸਵਾਤੀ ਨੇ ਮੈਨੂੰ ਜਹਾਜ਼ ਦੇ 22 ਕਰੂ ਮੈਂਬਰਾਂ ਨਾਲ ਇਟਲੀ ਜਾਣ ਲਈ ਕਿਹਾ, ਉਸ ਤੋਂ ਬਾਅਦ 21 ਮਾਰਚ ਦੀ ਸ਼ਾਮ ਨੂੰ ਮੇਰੇ ਨਾਲ ਫੋਨ ’ਤੇ ਗੱਲ ਕੀਤੀ। ਮੈਂ ਉਸ ਤੋਂ ਪੁੱਛਿਆ ਕਿ ਉਸ ਨੇ ਕੀ ਫੈਸਲਾ ਕੀਤਾ ਹੈ ਤਾਂ ਉਸ ਨੇ ਦੱਸਿਆ ਕਿ ਉਹ ਜਾਣ ਲਈ ਤਿਆਰ ਹੈ। ਰਾਵਲ ਨੇ ਕਿਹਾ ਕਿ ਮੇਰੀ ਧੀ ਦਲੇਰ ਹੈ। ਮੈਂ ਇਕ ਜੰਗਲਾਤ ਅਧਿਕਾਰੀ ਹਾਂ ਅਤੇ ਹਰ ਹਾਲਾਤ ’ਚ ਸਰਕਾਰੀ ਡਿਊਟੀ ’ਤੇ ਮੌਜੂਦ ਰਿਹਾ ਹਾਂ। ਮੈਨੂੰ ਆਪਣੀ ਧੀ ’ਤੇ ਮਾਣ ਹੈ ਕਿ ਮੇਰੀ ਧੀ ਨੇ ਅਜਿਹਾ ਹੀ ਕੀਤਾ।

PunjabKesari

ਰਾਵਲ ਨੇ ਅੱਗੇ ਕਿਹਾ ਕਿ ਜਦੋਂ ਸਵਾਤੀ ਨੇ ਜਹਾਜ਼ ਤੋਂ ਇਟਲੀ ਲਈ ਉਡਾਣ ਭਰੀ ਤਾਂ ਥੋੜ੍ਹੀ ਚਿੰਤਾ ਜ਼ਰੂਰ ਸੀ। ਉਹ ਇਟਲੀ ’ਚ ਫਸੇ ਉਨ੍ਹਾਂ ਭਾਰਤੀਆਂ ਨੂੰ ਦਿੱਲੀ ਲੈ ਆਈ। ਉਸ ਦੇ ਕਰੂ ਮੈਂਬਰਾਂ ਦੀ ਬਹਾਦਰੀ ਨਾਲ ਸਾਰੇ ਭਾਰਤੀ ਯਾਤਰੀਆਂ ਨੂੰ ਸੁਰੱਖਿਅਤ ਘਰ ਵਾਪਸੀ ਕਰਵਾਈ, ਉਹ ਸ਼ਲਾਘਾਯੋਗ ਹੈ। ਦੱਸ ਦੇਈਏ ਕਿ 1 ਬੱਚੇ ਦੀ ਮਾਂ ਸਵਾਤੀ ਨੇ ਰਾਏਬਰੇਲੀ ਤੋਂ ਕਮਰਸ਼ਲ ਪਾਇਲਟ ਦੀ ਟ੍ਰੇਨਿੰਗ ਲਈ ਸੀ ਅਤੇ ਉਹ 2006 ਤੋਂ ਏਅਰ ਇੰਡੀਆ ਨਾਲ ਕੰਮ ਕਰ ਰਹੀ ਹੈ। ਸੋਸ਼ਲ ਮੀਡੀਆ ’ਤੇ ਸਵਾਤੀ ਦੀ ਹੌਂਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। 


Tanu

Content Editor

Related News