ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਨੇ ਦਿੱਲੀ ਪੁਲਸ ਕਮਿਸ਼ਨਰ ਤੋਂ ਮੰਗੀ ਇਹ ਜਾਣਕਾਰੀ

08/01/2015 4:35:17 PM


ਨਵੀਂ ਦਿੱਲੀ- ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਦਿੱਲੀ ਪੁਲਸ ਕਮਿਸ਼ਨਰ ਭੀਮ ਸੇਨ ਬੱਸੀ ਨੂੰ ਪੱਤਰ ਲਿਖ ਕੇ ਉਨ੍ਹਾਂ ਤੋਂ ਰਾਜਧਾਨੀ ''ਚ ਔਰਤਾਂ ਵਿਰੁੱਧ ਅਪਰਾਧਾਂ ਦੀ ਜਾਣਕਾਰੀ ਮੰਗੀ ਹੈ। ਸਵਾਤੀ ਨੇ ਪੁਲਸ ਕਮਿਸ਼ਨਰ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਰਾਜਧਾਨੀ ਵਿਚ ਔਰਤਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਹਿੱਤਾਂ ਦੀ ਦੇਖਭਾਲ ਕਰਨਾ ਦਿੱਲੀ ਮਹਿਲਾ ਕਮਿਸ਼ਨ ਦਾ ਕੰਮ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਮੀਨਾਕਸ਼ੀ ਹੱਤਿਆਕਾਂਡ ਨੂੰ ਦੇਖਦੇ ਹੋਏ ਰਾਜਧਾਨੀ ਵਿਚ ਔਰਤਾਂ ਵਿਰੁੱਧ ਅਪਰਾਧ ਵਧ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਵਿਚ ਔਰਤਾਂ ਦੀ ਸੁਰੱਖਿਆ ''ਤੇ ਇਕ ਅਧਿਐਨ ਕਰਨਾ ਚਾਹੁੰਦੇ ਹਾਂ, ਜਿਸ ਤੋਂ ਕੇਂਦਰ ਸਰਕਾਰ, ਸੂਬਾ ਸਰਕਾਰ ਅਤੇ ਦਿੱਲੀ ਪੁਲਸ ਨੂੰ ਸਿਫਾਰਸ਼ ਕਰ ਸਕੇ ਕਿ ਔਰਤਾਂ ਦੀ ਸੁਰੱਖਿਆ ਦਾ ਕਿਵੇਂ ਪ੍ਰਬੰਧ ਕੀਤਾ ਜਾ ਸਕੇ। ਪੱਤਰ ਵਿਚ ਲਿਖਿਆ ਹੈ ਕਿ ਆਨੰਦ ਪਰਬਤ ਖੇਤਰ ਨੂੰ ਪ੍ਰਯੋਗ ਦੇ ਤੌਰ ''ਤੇ ਲਿਆ ਜਾਵੇਗਾ ਅਤੇ ਤੁਹਾਡੇ ਤੋਂ ਬੇਨਤੀ ਹੈ ਕਿ ਖੇਤਰ ਦੇ ਥਾਣੇ ਵਿਚ ਔਰਤਾਂ ਵਿਰੁੱਧ 2013-14 ਤੋਂ ਹੁਣ ਤਕ ਜੋ ਵੀ ਅਪਰਾਧ ਦਰਜ ਹੋਏ ਹਨ, ਉਨ੍ਹਾਂ ਦੀ ਸੂਚੀ ਸੌਂਪੀ ਜਾਵੇ। ਉਨ੍ਹਾਂ ਨੇ ਦਿੱਲੀ ਪੁਲਸ ਤੋਂ ਇਹ ਵੀ ਜਾਣਕਾਰੀ ਮੰਗੀ ਹੈ ਕਿ ਸਾਰੀਆਂ ਸ਼ਿਕਾਇਤਾਂ ਅਤੇ ਐਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ ਜਾਂ ਨਹੀਂ ਅਤੇ ਸਾਰੇ ਮਾਮਲਿਆਂ ਦੀ ਮੌਜੂਦਾ ਸਥਿਤੀ ਅਤੇ ਦਾਇਰ ਦੋਸ਼ ਪੱਤਰਾਂ ਦਾ ਵੇਰਵਾ ਕੀ ਹੈ, ਇਸ ਬਾਰੇ ਜਾਣਕਾਰੀ ਮੰਗੀ।
ਜ਼ਿਕਰਯੋਗ ਹੈ ਕਿ ਆਨੰਦ ਪਰਬਤ ਇਲਾਕੇ ਦੀ ਘਟਨਾ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਥੋਂ ਦਾ ਦੌਰਾ ਕੀਤਾ ਸੀ ਅਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰ ਸਰਕਾਰ ਨੂੰ ਨਿਸ਼ਾਨੇ ''ਤੇ ਲਿਆ ਸੀ। ਇਸ ਤੋਂ ਇਲਾਵਾ ਦਿੱਲੀ ਪੁਲਸ ਕਮਿਸ਼ਨਰ ਨੂੰ ਰਾਜਧਾਨੀ ਵਿਚ ਔਰਤਾਂ ਦੀ ਸੁਰੱਖਿਆ ''ਤੇ ਸਲਾਹ-ਮਸ਼ਵਰੇ ਲਈ ਬੁਲਾਇਆ ਗਿਆ ਸੀ। ਉਨ੍ਹਾਂ ਨੇ ਦਿੱਲੀ ਪੁਲਸ ਦੀ ਜ਼ਿੰਮੇਦਾਰੀ ਦਿੱਲੀ ਸਰਕਾਰ ਨੂੰ ਦੇਣ ਦੀ ਮੰਗ ਵੀ ਕੀਤੀ ਸੀ।


Tanu

News Editor

Related News