ਭਾਰਤ-ਪਾਕਿਸਤਾਨ ਬਾਰਡਰ ਕੋਲ ਮਿਲਿਆ ਸ਼ੱਕੀ ਗੁਬਾਰਾ, ਸੁਰੱਖਿਆ ਏਜੰਸੀਆਂ ਹੋਈਆਂ ਅਲਰਟ
Monday, Jul 08, 2024 - 11:28 AM (IST)
ਅਨੂਪਗੜ੍ਹ- ਭਾਰਤ-ਪਾਕਿਸਤਾਨ ਬਾਰਡਰ ਕੋਲ ਇਕ ਸ਼ੱਕੀ ਗੁਬਾਰਾ ਮਿਲਣ ਨਾਲ ਹਫੜਾ-ਦਫੜੀ ਮਚ ਗਿਆ। ਇਸ ਗੁਬਾਰੇ 'ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਅਤੇ SGA ਲਿਖਿਆ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ। ਸ਼ੱਕੀ ਗੁਬਾਰਾ ਮਿਲਣ 'ਤੇ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ ਅਤੇ ਗੁਬਾਰੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਅਨੂਪਗੜ੍ਹ ਜ਼ਿਲ੍ਹੇ ਦੇ ਰਾਵਲਾ ਥਾਣਾ ਪੁਲਸ ਦੇ ASI ਮੋਹਨ ਲਾਲ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਇਕ ਖੇਤ ਵਿਚੋਂ ਇਹ ਗੁਬਾਰਾ ਮਿਲਣ ਦੀ ਸੂਚਨਾ ਮਿਲੀ ਹੈ। ਦੱਸਿਆ ਗਿਆ ਹੈ ਕਿ ਰਾਵਲਾ ਦੇ ਪਿੰਡ 22 ਆਰ. ਜੇ. ਡੀ. ਵਿਚ ਇਕ ਖੇਤ 'ਚ ਸ਼ੱਕੀ ਗੁਬਾਰਾ ਮਿਲਿਆ। ਜਦੋਂ ਕਿਸਾਨ ਨੇ ਗੁਬਾਰੇ ਨੂੰ ਵੇਖਿਆ ਤਾਂ ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਨੇ ਦੱਸਿਆ ਕਿ ਗੁਬਾਰੇ ਦੀ ਆਕ੍ਰਿਤੀ ਜਹਾਜ਼ ਵਰਗੀ ਹੈ ਅਤੇ ਇਹ ਸਫੇਦ ਅਤੇ ਨੀਲੇ ਰੰਗ ਦਾ ਬਣਿਆ ਹੈ। ਧਿਆਨ ਯੋਗ ਹੈ ਕਿ ਗੁਬਾਰੇ 'ਤੇ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਅਤੇ SGA ਲਿਖਿਆ ਹੋਇਆ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਆਲਾ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੀ ਚੌਕਸ ਹੋ ਗਈਆਂ। ਫਿਲਹਾਲ ਪੁਲਸ ਨੇ ਸ਼ੱਕੀ ਗੁਬਾਰੇ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਗੁਬਾਰੇ ਨਾਲ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਤੋਂ ਭਾਰਤੀ ਸਰਹੱਦ 'ਤੇ ਨਸ਼ਿਆਂ ਦੀ ਤਸਕਰੀ ਹੋ ਰਹੀ ਹੈ। ਸ਼ੱਕੀ ਗੁਬਾਰੇ ਮਿਲਣ ਦੀ ਘਟਨਾ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਪੁਲਸ ਨੇ ਪਾਕਿਸਤਾਨ ਤੋਂ ਆ ਰਹੀ 6 ਕਿਲੋ ਹੈਰੋਇਨ ਦੀ ਡਲਿਵਰੀ ਲੈਣ ਆਏ ਇਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਸੀ। ਅੱਜ ਇਸ ਗੁਬਾਰੇ ਦੇ ਖੁਲਾਸੇ ਤੋਂ ਬਾਅਦ ਜਾਂਚ ਏਜੰਸੀਆਂ ਹਰ ਕੋਣ ਤੋਂ ਜਾਂਚ ਕਰ ਰਹੀਆਂ ਹਨ। ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇਸ ਤਰ੍ਹਾਂ ਦੇ ਗੁਬਾਰੇ ਪਹਿਲਾਂ ਵੀ ਮਿਲ ਚੁੱਕੇ ਹਨ।