CM ਯੇਦੀਯੁਰੱਪਾ ਦੇ ਜਾਨਸ਼ੀਨ ’ਤੇ ਸਸਪੈਂਸ, 16 ਅਗਸਤ ਤੱਕ ਦੇ ਸਕਦੈ ਅਸਤੀਫਾ

Monday, Jul 19, 2021 - 10:00 PM (IST)

CM ਯੇਦੀਯੁਰੱਪਾ ਦੇ ਜਾਨਸ਼ੀਨ ’ਤੇ ਸਸਪੈਂਸ, 16 ਅਗਸਤ ਤੱਕ ਦੇ ਸਕਦੈ ਅਸਤੀਫਾ

ਨੈਸ਼ਨਲ ਡੈਸਕ- ਬੀ. ਐੱਸ. ਯੇਦੀਯੁਰੱਪਾ ਚੌਥੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਦੇ ਰੂਪ ’ਚ ਕਾਰਜਭਾਰ ਸੰਭਾਲਣ ਦੇ ਠੀਕ 2 ਸਾਲ ਬਾਅਦ 26 ਜੁਲਾਈ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ਕਰਨਗੇ। ਇਸ ਨਾਲ ਭਾਜਪਾ ਹਲਕਿਆਂ ’ਚ ਅਟਕਲਾਂ ਤੇਜ਼ ਹੋ ਗਈਆਂ ਹਨ ਕਿ 78 ਸਾਲਾ ਪਾਰਟੀ ਦੇ ਦਿੱਗਜ ਇਸ ਬੈਠਕ ’ਚ ਆਪਣੇ ਜਾਨਸ਼ੀਨ ਦਾ ਨਾਂ ਐਲਾਨ ਸਕਦੇ ਹਨ, ਜਿਸ ਨਾਲ ਸੱਤਾ ਦੇ ਸੂਚਾਰੂ ਰੂਪ ਨਾਲ ਚਲਾਉਣ ਦਾ ਰਾਹ ਸਾਫ ਹੋ ਸਕਦਾ ਹੈ।
ਭਾਜਪਾ ਸੂਤਰਾਂ ਅਨੁਸਾਰ ਯੇਦੀਯੁਰੱਪਾ ਕੁਝ ਹੀ ਦਿਨਾਂ ’ਚ ਅਸਤੀਫਾ ਦੇ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਦੇ 26 ਜੁਲਾਈ ਤੋਂ 16 ਅਗਸਤ ਦੇ ਵਿਚਾਲੇ ਕਿਸੇ ਵੀ ਦਿਨ ਅਸਤੀਫਾ ਦੇਣ ਦੀ ਉਮੀਦ ਹੈ। ਪਤਾ ਲੱਗਾ ਹੈ ਕਿ ਪੀ. ਐੱਮ. ਮੋਦੀ ਨਾਲ 10 ਮਿੰਟਾਂ ਦੀ ਬੈਠਕ ਦੌਰਾਨ ਯੇਦੀਯੁਰੱਪਾ ਨੇ ਸ਼ੁਰੂ ’ਚ ਪਾਰਟੀ ਨੂੰ ਉਸ ਨੂੰ ਮੌਜੂਦਾ ਕਾਰਜਕਾਲ ਪੂਰਾ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ।
ਕਰਨਾਟਕ ’ਚ ਵਿਧਾਨ ਸਭਾ ਚੋਣਾਂ 2023 ’ਚ ਹੋਣੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਸ ’ਤੇ ਪੀ. ਐੱਮ. ਮੋਦੀ ਨੇ ਯੇਦੀਯੁਰੱਪਾ ਨੂੰ ਕਿਹਾ ਕਿ ਪਾਰਟੀ ਦੇ ਸਾਰੇ ਨੇਤਾਵਾਂ ਨੂੰ ਨੌਜਵਾਨ ਪੀੜੀ ਲਈ ਰਾਹ ਬਣਾਉਣਾ ਪਵੇਗਾ। ਹਾਲਾਂਕਿ ਮੋਦੀ ਨੇ ਸੂਬੇ ’ਚ ਕੀਤੇ ਉਨ੍ਹਾਂ ਦੇ ਚੰਗੇ ਕੰਮਾਂ ਨੂੰ ਮੰਨਿਆ ਵੀ ਹੈ।

ਇਹ ਖ਼ਬਰ ਪੜ੍ਹੋ- ਸ਼ਾਕਿਬ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਹਰਾਇਆ
ਕੀ ਹੈ ਭਾਜਪਾ ਦੀ ਗੁਪਤ ਯੋਜਨਾ
ਨੇਤਾਵਾਂ ਦਾ ਕਹਿਣਾ ਹੈ ਕਿ ਇਹ ਟਿੱਪਣੀਆਂ ਭਾਜਪਾ ਦੇ 75 ਸਾਲਾਂ ਤੋਂ ਉੱਪਰ ਦੇ ਮੰਤਰੀਆਂ ਨੂੰ ਨਾ ਰੱਖਣ ਦੀ ਸਥਿਤੀ ਦੇ ਉਲਟ ਹਨ। ਹਾਲਾਂਕਿ ਪਾਰਟੀ ਅਗਲੇ ਕੁਝ ਮਹੀਨਿਆਂ ’ਚ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦਾ ਸਾਹਮਣਾ ਕਰਨ ਲਈ ਤਿਆਰ ਹੈ, ਇਸ ਲਈ ਕਰਨਾਟਕ ਨਾਲ ਜੁੜੇ ਫੈਸਲੇ ਨੂੰ ਅੱਗੇ ਵਧਾਉਣ ਦੀ ਅਜੇ ਸੰਭਾਵਨਾ ਨਹੀਂ ਹੈ।
ਦਿੱਲੀ ਦੇ 2 ਦਿਨਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਨਾਲ ਮੁਲਾਕਾਤ ਤੋਂ ਬਾਅਦ ਯੇਦੀਯੁਰੱਪਾ ਨੇ ਆਪਣੇ ਅਸਤੀਫੇ ਦੀਆਂ ਖਬਰਾਂ ਨੂੰ ਖਾਰਜ਼ ਕਰ ਦਿੱਤਾ। ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਸਿਰਫ ਮੋਦੀ-ਸ਼ਾਹ ਦੀ ਜੋੜੀ ਨੂੰ ਹੀ ਕਰਨਾਟਕ ਲਈ ਪਾਰਟੀ ਦੀਆਂ ਯੋਜਨਾਵਾਂ ਬਾਰੇ ਪਤਾ ਹੈ ਅਤੇ ਉਨ੍ਹਾਂ ਨੇ ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਹੈ। ਜੇ ਮੁੱਖ ਮੰਤਰੀ 26 ਜੁਲਾਈ ਦੀ ਬੈਠਕ ’ਚ ਆਪਣੇ ਜਾਨਸ਼ੀਨ ਦਾ ਨਾਂ ਤੈਅ ਕਰਦੇ ਹਨ ਤਾਂ ਇਹ ਬਿਨਾ ਕਿਸੇ ਪ੍ਰਚਾਰ ਜਾਂ ਨਾਟਕ ਦੇ ਪਾਰਟੀ ਦੀ ਸਕ੍ਰਿਪਟ ਦੇ ਅਨੁਸਾਰ ਹੀ ਹੋਵੇਗਾ। ਪਾਰਟੀ ਸੂਤਰਾਂ ਨੇ ਕਿਹਾ ਕਿ ਭਾਜਪਾ ਦੇ ਵੱਡੇ ਨੇਤਾ ਕਿਸੇ ਵੀ ਲਾਬਿੰਗ ਨੂੰ ਰੋਕਣ ਲਈ ਆਖਰੀ ਸਮੇਂ ਤੱਕ ਨਵੇਂ ਨੇਤਾ ਦੇ ਨਾਂ ਨੂੰ ਲੈ ਕੇ ਸਸਪੈਂਸ ਰੱਖ ਸਕਦੇ ਹਨ।

ਇਹ ਖ਼ਬਰ ਪੜ੍ਹੋENG vs PAK : ਇੰਗਲੈਂਡ ਨੇ ਪਾਕਿ ਨੂੰ 45 ਦੌੜਾਂ ਨਾਲ ਹਰਾਇਆ


ਯੇਦੀਯੁਰੱਪਾ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਿਹੈ ਇਕ ਧੜਾ
ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਆਪਣੇ ਬੇਟੇ ਬੀ. ਵਾਈ. ਵਿਜੇਂਦਰ ਦੇ ਸਿਆਸੀ ਭਵਿੱਖ ਨੂੰ ਲੈ ਕੇ ਚਿੰਤਤ ਹਨ, ਜੋ ਮੌਜੂਦਾ ਸਮੇਂ ’ਚ ਭਾਜਪਾ ਦੀ ਕਰਨਾਟਕ ਇਕਾਈ ਦੇ ਉੱਪ ਪ੍ਰਧਾਨ ਹਨ ਜਦਕਿ ਵੱਡੇ ਬੇਟੇ ਬੀ. ਵਾਈ. ਰਾਘਵੇਂਦਰ ਨੂੰ ਆਪਣੇ ਪਿਤਾ ਤੋਂ ਸ਼ਿਵਮੋਗਾ ਲੋਕ ਸਭਾ ਸੀਟ ਵਿਰਾਸਤ ’ਚ ਮਿਲੀ ਹੈ। ਵਿਜੇਂਦਰ ਦੀ ਵਿਧਾਨ ਸਭਾ ’ਚ ਦਾਖਲੇ ਦੀ ਕੋਸ਼ਿਸ਼ ਨਾਕਾਮ ਰਹੀ ਹੈ। ਹੋ ਸਕਦਾ ਹੈ ਕਿ ਸੀ. ਐੱਮ. ਵਿਜੇਂਦਰ ਲਈ ਪਾਰਟੀ ਜਾਂ ਸਰਕਾਰ ’ਚ ਇਕ ਮਹੱਤਵਪੂਰਨ ਅਹੁਦੇ ਬਾਰੇ ਪਾਰਟੀ ਨੇਤਾਵਾਂ ਤੋਂ ਕੁਝ ਭਰੋਸਾ ਮੰਗ ਰਹੇ ਹੋਣ।
ਜ਼ਿਕਰਯੋਗ ਹੈ ਕਿ ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਤੇ ਖਰਾਬ ਸਿਹਤ ਦੇ ਆਧਾਰ ’ਤੇ ਆਪਣਾ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ। ਉੱਧਰ ਦੂਜੇ ਪਾਸੇ ਕਰਨਾਟਕ ਭਾਜਪਾ ਦੇ ਕੁਝ ਨਾਰਾਜ਼ ਨੇਤਾ ਯੇਦੀਯੁਰੱਪਾ ਤੇ ਉਨ੍ਹਾਂ ਦੇ ਪਰਿਵਾਰ ’ਤੇ ਭ੍ਰਿਸ਼ਟਾਚਾਰ ਤੇ ਪ੍ਰਸ਼ਾਸਨ ’ਚ ਦਖਲ ਦੇ ਦੋਸ਼ਾਂ ਨੂੰ ਲੈ ਕੇ ਨਿਸ਼ਾਨਾ ਵਿੰਨ੍ਹ ਰਹੇ ਹਨ, ਜਿਸ ਨਾਲ ਪਾਰਟੀ ਤੇ ਸਰਕਾਰ ਦੀ ਫਜ਼ੀਹਤ ਹੋਈ ਹੈ। ਪਾਰਟੀ ਦਾ ਇਕ ਹੋਰ ਗਰੁੱਪ 78 ਸਾਲ ਦੇ ਸੀ. ਐੱਮ. ਯੇਦੀਯੁਰੱਪਾ ਨੂੰ ਉਨ੍ਹਾਂ ਦੀ ਉਮਰ ਨੂੰ ਦੇਖਦੇ ਹੋਏ ਹਟਾਉਣ ਦੀ ਮੰਗ ਕਰ ਰਿਹਾ ਹੈ ਅਤੇ 2023 ’ਚ ਵਿਧਾਨ ਸਭਾ ਲਈ ਹੋਣ ਵਾਲੀਆਂ ਚੋਣਾਂ ’ਚ ਮੁੱਖ ਮੰਤਰੀ ਦਾ ਨਵਾਂ ਚਿਹਰਾ ਪੇਸ਼ ਕਰਨ ਦੀ ਲੋੜ ’ਤੇ ਜ਼ੋਰ ਦੇ ਰਿਹਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News