ਆਦਿਵਾਸੀ ਸੀ. ਐੱਮ ’ਤੇ ਸਸਪੈਂਸ!
Sunday, Dec 10, 2023 - 01:13 PM (IST)
ਨਵੀਂ ਦਿੱਲੀ- ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਭਾਜਪਾ ਵਲੋਂ ਚੋਖੀਆਂ ਆਦਿਵਾਸੀ ਸੀਟਾਂ ਜਿੱਤਣ ਨਾਲ ਹੁਣ ਲੀਡਰਸ਼ਿਪ ’ਤੇ ਘੱਟੋ-ਘੱਟ ਇਕ ਆਦਿਵਾਸੀ ਨੇਤਾ ਨੂੰ ਛੱਤੀਸਗੜ੍ਹ ਦਾ ਮੁੱਖ ਮੰਤਰੀ ਨਿਯੁਕਤ ਕਰਨ ਲਈ ਦਬਾਅ ਹੈ।
ਭਾਜਪਾ ਨੇ 2018 ’ਚ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ’ਚ 76 ਐੱਸ.ਟੀ. ਸੀਟਾਂ ’ਚੋਂ 19 ਅਤੇ ਰਾਜਸਥਾਨ ਦੀਆਂ 25 ਵਿੱਚੋਂ ਸਿਰਫ਼ 8 ਸੀਟਾਂ ਜਿੱਤੀਆਂ ਸਨ। 2023 ਵਿੱਚ ਭਾਜਪਾ ਨੇ ਵੱਡੀ ਛਾਲ ਮਾਰੀ ਤੇ 3 ਸੂਬਿਆਂ ਵਿੱਚ 56 ਸੀਟਾਂ ਜਿੱਤੀਆਂ। ਸੰਭਾਵਨਾ ਹੈ ਕਿ ਮੁੱਖ ਮੰਤਰੀ ਦੇ ਅਹੁਦੇ ਲਈ ਇੱਕ ਐੱਸ. ਟੀ. ਨੇਤਾ ਦੀ ਚੋਣ ਕੀਤੀ ਜਾਵੇਗੀ।
ਭਾਜਪਾ ਨੇ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ’ਚ 44 ਅਤੇ ਰਾਜਸਥਾਨ ਵਿੱਚ 12 ਐੱਸ. ਟੀ. ਸੀਟਾਂ ’ਜਿੱਤੀਆਂ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਭਾਜਪਾ ਵੱਲੋਂ ਇੱਕ ਮਹਿਲਾ ਆਦਿਵਾਸੀ ਨੇਤਾ ਦ੍ਰੌਪਦੀ ਮੁਰਮੂ ਨੂੰ ਰਾਸ਼ਟਰਪਤੀ ਬਣਾਏ ਜਾਣ ਦੇ ਫੈਸਲੇ ਨੇ ਇਨ੍ਹਾਂ ਚੋਣਾਂ ਵਿੱਚ ਬਹੁਤ ਲਾਭ ਦਿੱਤਾ। ਹੁਣ ਸਵਾਲ ਇਹ ਹੈ ਕਿ ਕੀ ਭਾਜਪਾ ਕਿਸੇ ਆਦਿਵਾਸੀ ਨੂੰ ਕਿਸੇ ਸੂਬੇ ਦਾ ਮੁੱਖ ਮੰਤਰੀ ਬਣਾਏਗੀ?
ਵਿਧਾਨ ਸਭਾ ਚੋਣਾਂ ਵਿੱਚ ਕਈ ਕੇਂਦਰੀ ਮੰਤਰੀਆਂ ਸਮੇਤ 21 ਮੌਜੂਦਾ ਸੰਸਦ ਮੈਂਬਰਾਂ ਨੂੰ ਮੈਦਾਨ ਵਿੱਚ ਉਤਾਰਨ ਦੀ ਭਾਜਪਾ ਦੀ ਰਣਨੀਤੀ ਛੱਤੀਸਗੜ੍ਹ ਵਿੱਚ ਸਹੀ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਉੱਥੇ ਉਸ ਨੇ 29 ਐੱਸ. ਟੀ. ਸੀਟਾਂ ’ਚੋਂ 17 ਜਿੱਤੀਆਂ ਹਨ। ਮੱਧ ਪ੍ਰਦੇਸ਼ ਵਿੱਚ ਵੀ ਭਾਜਪਾ ਨੇ 47 ਐੱਸ. ਟੀ. ਸੀਟਾਂ ਵਿੱਚੋਂ 27 ਜਿੱਤੀਆਂ ਹਨ। ਇਹ ਹੈਰਾਨੀ ਵਾਲੀ ਗੱਲ ਹੈ ਕਿ ਭਾਜਪਾ ਨੂੰ ਤੇਲੰਗਾਨਾ ਵਿੱਚ ਇੱਕ ਵੀ ਸੀਟ ਨਹੀਂ ਮਿਲੀ। ਉੱਥੇ ਉਸ ਨੇ 12 ਐੱਸ. ਟੀ. ਸੀਟਾਂ ’ਤੇ ਚੋਣ ਲੜੀ ਸੀ।
ਕਈ ਲੋਕਾਂ ਦਾ ਮੰਨਣਾ ਹੈ ਕਿ ਛੱਤੀਸਗੜ੍ਹ ’ਚ ਆਦਿਵਾਸੀ ਮਾਮਲਿਆਂ ਬਾਰੇ ਰਾਜ ਮੰਤਰੀ ਰੇਣੂਕਾ ਸਿੰਘ ਸਰੂਤਾ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਪਾਰਟੀ ਦਾ ਫੈਸਲਾ ਲਾਭਕਾਰੀ ਰਿਹਾ। ਉਹ ਆਦਿਵਾਸੀ ਹੈ ਤੇ ਸੀ. ਐੱਮ. ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹੈ। ਭਾਜਪਾ ਲੀਡਰਸ਼ਿਪ ਵੀ ਐੱਸ. ਟੀ. ਨੂੰ ਨੁਮਾਇੰਦਗੀ ਦੇਣ ਦੀ ਇੱਛੁਕ ਹੈ।
ਭਾਜਪਾ ਸ਼ਾਸਤ ਸੂਬਿਆਂ ਵਿੱਚ ਹੁਣ ਤੱਕ ਕੋਈ ਆਦਿਵਾਸੀ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਹੈ। ਝਾਰਖੰਡ ’ਚ ਵੀ ਭਾਜਪਾ ਨੇ ਫਿਰ ਤੋਂ ਆਦਿਵਾਸੀ ਨੇਤਾ ਬਾਬੂ ਲਾਲ ਮਰਾਂਡੀ ਨੂੰ ਆਪਣਾ ਨੇਤਾ ਬਣਾਇਆ ਹੈ।