ਇੰਝ ਆਵੇਗੀ ਮੌਤ ਸੋਚਿਆ ਨਾ ਸੀ, ਲਿਫਟ ਲੈ ਕੇ ਜਾ ਰਹੀ ਔਰਤ ਨਾਲ ਰਾਹ ''ਚ ਵਾਪਰ ਗਿਆ ਭਾਣਾ
Tuesday, Apr 29, 2025 - 04:03 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੇ ਦਿਨੀਂ ਇੱਥੇ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਨਵੇਂ ਬੱਸ ਸਟੈਂਡ ਨਜ਼ਦੀਕ ਇਕ ਤੇਜ਼ ਰਫ਼ਤਾਰ ਫਾਰਚੂਨਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਚਾਲਕ ਸਮੇਤ ਇਕ ਔਰਤ ਅਤੇ ਉਸਦੀ ਬੱਚੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੋਮਾ ਵਾਸੀ ਟੋਹਾਣਾ (ਫਤਿਹਾਬਾਦ) ਨੇ ਰਿਸ਼ਤੇਦਾਰੀ 'ਚ ਭਵਾਨੀਗੜ੍ਹ ਆਉਂਦੇ ਸਮੇਂ ਪਿੰਡ ਨਦਾਮਪੁਰ ਕੋਲ ਪਤਨੀ ਨੀਤੂ ਅਤੇ ਆਪਣੀ ਛੋਟੀ ਲੜਕੀ ਪ੍ਰਿਅੰਕਾ ਨੂੰ ਇਕ ਮੋਟਰਸਾਈਕਲ 'ਤੇ ਲਿਫਟ ਦੇ ਕੇ ਬਿਠਾਇਆ ਸੀ ਤੇ ਉਹ ਆਪਣੇ ਦੋਸਤ ਨਾਲ ਮੋਟਰਸਾਈਕਲ 'ਤੇ ਉਨ੍ਹਾਂ ਦੇ ਪਿੱਛੇ ਆ ਰਿਹਾ ਸੀ ਤਾਂ ਭਵਾਨੀਗੜ੍ਹ ਨਵੇਂ ਬੱਸ ਸਟੈਂਡ ਨੇੜੇ ਹਾਈਵੇਅ 'ਤੇ ਪਟਿਆਲਾ ਸਾਈਡ ਤੋਂ ਆਈ ਇਕ ਤੇਜ਼ ਰਫਤਾਰ ਨਾ ਮਾਲੂਮ ਨੰਬਰੀ ਫਾਰਚੂਨਰ ਕਾਰ ਦੇ ਚਾਲਕ ਨੇ ਉਨ੍ਹਾਂ ਦੇ ਅੱਗੇ ਜਾ ਰਹੇ ਮੋਟਰਸਾਇਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਪਤਨੀ, ਬੇਟੀ ਤੇ ਮੋਟਰਸਾਇਕਲ ਚਾਲਕ ਸੜਕ 'ਤੇ ਡਿੱਗ ਕੇ ਗੰਭੀਰ ਜਖ਼ਮੀ ਹੋ ਗਏ।
ਸੋਮਾ ਨੇ ਦੱਸਿਆ ਕਿ ਪਤਨੀ ਤੇ ਬੇਟੀ ਨੂੰ ਇਲਾਜ ਲਈ ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਉਪਰੰਤ ਉਕਤਾਂ ਨੂੰ ਉੱਚ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ ਜਿੱਥੇ ਜੇਰੇ ਇਲਾਜ ਉਸਦੀ ਪਤਨੀ ਨੀਤੂ ਦੀ ਮੌਤ ਹੋ ਗਈ ਅਤੇ ਬੇਟੀ ਪ੍ਰਿਅੰਕਾ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਮਾਮਲੇ 'ਚ ਕਾਰਵਾਈ ਕਰਦਿਆਂ ਸੋਮਾ ਦੇ ਬਿਆਨਾਂ 'ਤੇ ਨਾ ਮਾਲੂਮ ਨੰਬਰੀ ਫਾਰਚੂਨਰ ਦੇ ਅਣਪਛਾਤੇ ਚਾਲਕ ਖਿਲਾਫ਼ ਕੇਸ ਦਰਜ ਕਰਕੇ ਉਸਦੀ ਤਲਾਸ਼ ਆਰੰਭ ਦਿੱਤੀ ਹੈ।